ਬਠਿੰਡਾ ’ਚ ਸਰਕਾਰੀ ਪੈਟਰੋਲ ਪੰਪ ਲਾਉਣ ਲਈ ਨਗਰ ਸੁਧਾਰ ਟਰੱਸਟ ਤੇ ਐੱਚਪੀਸੀਐੱਲ ਵਿਚਾਲੇ ਸਮਝੌਤਾ
ਸ਼ਗਨ ਕਟਾਰੀਆ
ਬਠਿੰਡਾ, 28 ਮਾਰਚ
ਇੱਥੇ ਭਾਰਤ ਨਗਰ ਨਜ਼ਦੀਕ ਬੀਬੀ ਵਾਲਾ ਚੌਕ ’ਚ ਨਗਰ ਸੁਧਾਰ ਟਰੱਸਟ ਬਠਿੰਡਾ ਵੱਲੋਂ ਸਰਕਾਰੀ ਪੈਟਰੋਲ ਪੰਪ ਲਾਏ ਜਾਣ ਦੀ ਤਜਵੀਜ਼ ਨੂੰ ਉਸ ਵਕਤ ਅਮਲੀ ਰੂਪ ਹਾਸਲ ਹੋਇਆ ਜਦੋਂ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਅਤੇ ਐੱਚਪੀਸੀਐੱਲ ਦੇ ਚੀਫ਼ ਮੈਨੇਜਰ ਸ਼ਸ਼ੀ ਕਾਂਤ ਦਰਮਿਆਨ ਪੰਪ ਸਬੰਧੀ ਲਿਖ਼ਤੀ ਸਮਝੌਤੇ ਉੱਪਰ ਦਸਤਖ਼ਤ ਕਰ ਕੇ ਸਹੀ ਪਾ ਦਿੱਤੀ ਗਈ।
ਸ਼ਸ਼ੀ ਕਾਂਤ ਨੇ ਦੱਸਿਆ ਕਿ ਕੰਪਨੀ ਨਗਰ ਸੁਧਾਰ ਟਰੱਸਟ ਨੂੰ ਪੈਟਰੋਲ ਪੰਪ ਦਾ ਸਮੁੱਚਾ ਢਾਂਚਾ ਮੁਹੱਈਆ ਕਰਵਾਏਗੀ। ਉਨ੍ਹਾਂ ਪੰਪ ’ਤੇ ਸਹੀ ਮਾਤਰਾ ਅਤੇ ਉੱਚ ਗੁਣਵੱਤਾ ਵਾਲਾ ਤੇਲ ਦੇਣ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਪ ’ਤੇ ਇਲੈਕਟ੍ਰੌਨਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਅਤੇ ਐੱਨਸੀਜੀ ਪੰਪ ਵੀ ਲਾਇਆ ਜਾਵੇਗਾ। ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਪੰਜਾਬ ਦਾ ਇਹ ਪਹਿਲਾ ਪੈਟਰੋਲ ਪੰਪ ਹੋਵੇਗਾ, ਜੋ ਪੰਜਾਬ ਸਰਕਾਰ ਦੀ ਸ੍ਰਪਰਸਤੀ ਹੇਠ ਨਗਰ ਸੁਧਾਰ ਟਰੱਸਟ ਵੱਲੋਂ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਸੁਧਾਰ ਟਰਸਟ ਦੀ 1500 ਵਰਗ ਗਜ਼ ਖਾਲੀ ਪਈ ਜਗ੍ਹਾ ’ਤੇ ਇਹ ਪੰਪ ਲੱਗੇਗਾ ਅਤੇ 31 ਮਾਰਚ ਤੱਕ ਪੰਪ ਦੀ ਮਸ਼ੀਨਰੀ ਫਿੱਟ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਠਿੰਡਾ ’ਚ ਸਰਕਾਰੀ ਪੈਟਰੋਲ ਪੰਪ ਲਾਉਣ ਦੀ ਤਜਵੀਜ਼ ਲੈ ਕੇ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜੇ, ਤਾਂ ਉਨ੍ਹਾਂ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ।
ਚੇਅਰਮੈਨ ਭੱਲਾ ਨੇ ਇੰਕਸ਼ਾਫ਼ ਕੀਤਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਬਣਾਈ ਜਾਣ ਵਾਲੀ ‘ਸ਼ਹੀਦ ਭਗਤ ਸਿੰਘ ਐਨਕਲੇਵ’ ਨੂੰ ਵੀ ਪੰਜਾਬ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਜਲਦੀ ਹੀ ਪਲਾਟ ਕੱਟ ਕੇ ਡਰਾਅ ਵਿਧੀ ਰਾਹੀਂ ਲੋਕ ਅਰਪਣ ਕਰ ਦਿੱਤੇ ਜਾਣਗੇ।