ਰਿਸ਼ਵਤ ਲੈਣ ਕਾਰਨ ਪਟਵਾਰੀ ਤੇ ਸਹਾਇਕ ਕਾਬੂ
06:15 AM Apr 03, 2025 IST
ਪੱਤਰ ਪ੍ਰੇਰਕ
ਲੰਬੀ, 2 ਅਪਰੈਲ
ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਨੇ ਅੱਜ ਪਿੰਡ ਵੜਿੰਗਖੇੜਾ ਵਿੱਚ ਜ਼ਮੀਨ ਦੀਆਂ ਗਿਰਦਾਵਰੀਆਂ ਦੇਣ ਬਦਲੇ ਇੱਕ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਕੁਲਵਿੰਦਰ ਸਿੰਘ ਤੇ ਉਸ ਦੇ ਸਹਾਇਕ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਵੱਲੋਂ ਬਣਾਈ ਗਈ ਵੀਡੀਓ ’ਚ ਸਹਾਇਕ ਅਸ਼ੋਕ ਕੁਮਾਰ ਪੈਸੇ ਸਵੀਕਾਰ ਕਰਦਾ ਸਪੱਸ਼ਟ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਵਿੱਚ ਗੁਰਦੀਪ ਸਿੰਘ ਵਾਸੀ ਪਿੰਡ ਵੜਿੰਗਖੇੜਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਗਈ। ਜਾਣਕਾਰੀ ਅਨੁਸਾਰ ਅੱਜ ਵਿਜੀਲੈਂਸ ਨੇ ਮਾਲ ਪਟਵਾਰੀ ਨੂੰ ਲੰਬੀ ਸਬ ਤਹਿਸੀਲ ਦੇ ਵਰਕ ਸਟੇਸ਼ਨ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਹਾਇਕ ਅਸ਼ੋਕ ਦੀ ਗ੍ਰਿਫ਼ਤਾਰੀ ਉਸ ਦੀ ਮਲੋਟ ਰਿਹਾਇਸ਼ ਤੋਂ ਹੋਈ ਹੈ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਪਟਵਾਰੀ ਕੁਲਵਿੰਦਰ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਅਸ਼ੋਕ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Advertisement
Advertisement