ਪੁਲੀਸ ਕੇਸ ਵਿੱਚ ਲੋੜੀਂਦਾ ਅੱਠਵਾਂ ਮੁਲਜ਼ਮ ਗ੍ਰਿਫ਼ਤਾਰ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਥਾਣਾ ਔਢਾਂ ਪੁਲੀਸ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅੱਠਵੇਂ ਲੋੜੀਂਦੇ ਮੁਲਜ਼ਮ ਸੰਦੀਪ ਕੁਮਾਰ ਉਰਫ਼ ਸੀਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਤੋਂ ਵਾਰਦਾਤ ਵਿੱਚ ਵਰਤੀ ਗਈ ਕਾਰ ਅਤੇ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਔਢਾਂ ਦੇ ਇੰਚਾਰਜ ਅਨਿਲ ਸੋਢੀ ਨੇ ਦੱਸਿਆ ਕਿ ਬੀਤੀ 23 ਅਕਤੂਬਰ, 2024 ਨੂੰ ਕਰਮਬੀਰ ਉਰਫ਼ ਕਰਨੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਸਿਰਸਾ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਕਾਰ ਵਿੱਚ ਘਰ ਵਾਪਸ ਆ ਰਿਹਾ ਸੀ ਤਾਂ ਔਢਾਂ ਨੇੜੇ ਮੁਲਜ਼ਮਾਂ ਨੇ ਉਸਦੀ ਕਾਰ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲੀਸ ਨੇ ਪਹਿਲਾਂ ਹੀ ਪਰਮਜੀਤ ਸਿੰਘ ਉਰਫ਼ ਜੱਗਾ, ਰਾਜਵੀਰ ਉਰਫ਼ ਮੋਨੂੰ, ਗੁਰਪ੍ਰੀਤ ਉਰਫ਼ ਗੁਰੂ, ਗੁਰਪ੍ਰੀਤ ਸਿੰਘ ਉਰਫ਼ ਮੋਟੂ, ਜਗਤਾਰ ਸਿੰਘ ਉਰਫ਼ ਜੱਸੀ ਉਰਫ਼ ਘੁੱਗੀ, ਗਗਨਦੀਪ ਸਿੰਘ ਉਰਫ਼ ਗੱਗੀ ਅਤੇ ਸੁਖਦੀਪ ਸਿੰਘ ਉਰਫ਼ ਸੁੱਖਾ ਨਾਮਕ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਉਰਫ਼ ਸੀਪਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ।