ਕੋਟ ਈਸੇ ਖਾਂ ਵਿਚ ਕਰਿਆਣਾ ਸਟੋਰ ਨੂੰ ਅੱਗ ਲੱਗੀ
ਹਰਦੀਪ ਸਿੰਘ
ਕੋਟ ਈਸੇ ਖਾਂ, 13 ਅਪਰੈਲ
ਇੱਥੇ ਦਾਤਾ ਰੋਡ ਉੱਤੇ ਬੀਤੀ ਰਾਤ ਰੱਖੜਾ ਕਰਿਆਣਾ ਸਟੋਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਕਰਕੇ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਅਤੇ ਢਾਈ ਲੱਖ ਰੁਪਏ ਦੇ ਕਰੀਬ ਨਗਦੀ ਸੜ੍ਹ ਕੇ ਸੁਆਹ ਹੋ ਗਈ। ਦੁਕਾਨ ਨੂੰ ਅੱਗ ਲੱਗਣ ਦਾ ਪਤਾ ਤੜਕਸਾਰ ਪੰਜ ਵਜੇ ਦੇ ਕਰੀਬ ਲੱਗਾ ਜਦੋਂ ਲੋਕਾਂ ਦੀ ਆਵਾਜਾਈ ਸ਼ੁਰੂ ਹੋਈ। ਅੱਗ ਦੇ ਕਾਰਨਾਂ ਦਾ ਪਤਾ ਅਜੇ ਭੇਦ ਬਣਿਆ ਹੋਇਆ ਹੈ।
ਸਟੋਰ ਦੇ ਮਾਲਕ ਗੁਰਵਿੰਦਰ ਸਿੰਘ ਰੱਖੜਾ ਨੇ ਦੱਸਿਆ ਕਿ ਦੁਕਾਨ ਨੂੰ ਬੰਦ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਬਿਜਲੀ ਦੀ ਸਪਲਾਈ ਅਤੇ ਇੱਥੋਂ ਤੱਕ ਕਿ ਇਨਵਰਟਰ ਵੀ ਬੰਦ ਕਰਕੇ ਗਏ ਸਨ। ਉਨ੍ਹਾਂ ਨੂੰ ਤੜਕਸਾਰ ਸੂਚਨਾ ਮਿਲੀ ਕਿ ਦੁਕਾਨ ਅੰਦਰੋਂ ਧੂਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ 2 ਲੱਖ ਸੱਠ ਹਜ਼ਾਰ ਦੇ ਕਰੀਬ ਨਗਦੀ ਵੀ ਪਈ ਸੀ ਉਹ ਵੀ ਸੜ੍ਹ ਗਈ ਹੈ ਇਸ ਤੋਂ ਇਲਾਵਾ ਚਾਰ ਤੋਂ ਪੰਜ ਲੱਖ ਰੁਪਏ ਦਾ ਸੌਦਾ ਦੁਕਾਨ ਵਿਚ ਪਿਆ ਸੀ। ਦੁਕਾਨ ਅੰਦਰ ਪਈ ਵਹੀ ਕਿਤਾਬ ਵੀ ਸੜ੍ਹ ਕੇ ਕੋਲਾ ਬਣ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ। ਥਾਣਾ ਮੁਖੀ ਸੁਨੀਤਾ ਬਾਵਾ ਨੇ ਦੱਸਿਆ ਕਿ ਪੁਲੀਸ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।