ਗਿਰੀਸ਼ ਦਿਆਲਨ ਹੋਣਗੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਪਰੈਲ
ਪੰਜਾਬ ਸਰਕਾਰ ਨੇ ਅੱਜ ਛੇ ਆਈਏਐੱਸ ਅਤੇ ਪੀਸੀਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਹੈ। ਨਵੇਂ ਹੁਕਮਾਂ ਅਨੁਸਾਰ ਆਈਏਐੱਸ ਅਧਿਕਾਰੀ ਗਿਰੀਸ਼ ਦਿਆਲਨ ਹੁਣ ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਹੋਣਗੇ, ਜਿਨ੍ਹਾਂ ਨੂੰ ਡਾਇਰੈਕਟਰ, ਉਚੇਰੀ ਸਿੱਖਿਆ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤ ਸਨ। ਰਾਜੀਵ ਪਰਾਸ਼ਰ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਸਕੱਤਰ ਲਾਇਆ ਗਿਆ ਹੈ, ਜਦੋਂ ਕਿ ਵਿਨੈ ਬਬਲਾਨੀ ਨੂੰ ਪਟਿਆਲਾ ਡਵੀਜ਼ਨ ਦਾ ਕਮਿਸ਼ਨਰ ਲਾਇਆ ਗਿਆ ਹੈ। ਇਸੇ ਤਰ੍ਹਾਂ ਮੋਹਿੰਦਰ ਪਾਲ ਨੂੰ ਉਦਯੋਗ ਤੇ ਕਾਮਰਸ ਵਿਭਾਗ ਦੇ ਸਕੱਤਰ ਤੋਂ ਇਲਾਵਾ ਸੂਚਨਾ ਤਕਨੀਕ ਉਦਯੋਗ ਤਰੱਕੀ ਵਿਭਾਗ ਦੇ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਰਿੰਦਰਪਾਲ ਸਿੰਘ ਸਹੋਤਾ ਨੂੰ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ ਵਿੱਚ ਕਾਰਜਕਾਰੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਜਤਿੰਦਰ ਜੋਰਵਾਲ ਦੀ ਵਧੀਕ ਕਮਿਸ਼ਨਰ (ਆਬਕਾਰੀ) ਪਟਿਆਲਾ, ਵਾਧੂ ਚਾਰਜ ਵਧੀਕ ਕਮਿਸ਼ਨਰ ਕਰ-1 ਪਟਿਆਲਾ ਅਤੇ ਵਾਧੂ ਚਾਰਜ ਆਬਕਾਰੀ ਕਮਿਸ਼ਨਰ ਪੰਜਾਬ ਅਤੇ ਇਸੇ ਤਰ੍ਹਾਂ ਵਾਧੂ ਚਾਰਜ ਕਰ ਕਮਿਸ਼ਨਰ ਪੰਜਾਬ ਵਜੋਂ ਤਾਇਨਾਤੀ ਕੀਤੀ ਗਈ ਹੈ। ਪੀਸੀਐੱਸ ਅਧਿਕਾਰੀ ਮਨਜੀਤ ਸਿੰਘ ਚੀਮਾ ਨੂੰ ਆਬਾਦਕਾਰੀ ਵਿਭਾਗ ਦਾ ਡਾਇਰੈਕਟਰ ਲਾਇਆ ਗਿਆ ਹੈ।