ਅੰਬਾਲਾ ਦੇ ਮੋਤੀ ਨਗਰ ’ਚ ਕੱਚੇ ਮਕਾਨ ਦੀ ਛੱਤ ਡਿੱਗੀ, ਮਾਂ-ਪਿਉ ਤੇ ਪੁੱਤਰ ਦੀ ਮੌਤ, ਧੀ ਬਚੀ
ਸਰਬਜੀਤ ਸਿੰਘ ਭੱਟੀ
ਅੰਬਾਲਾ, 30 ਅਪਰੈਲ
ਅੰਬਾਲਾ ਸ਼ਹਿਰ ਦੇ ਮੋਤੀ ਨਗਰ ਇਲਾਕੇ ’ਚ ਅੱਜ ਦੁਪਹਿਰੇ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਤਿੰਨ ਜੀਆਂ (ਮਾਂ, ਪਿਉ ਤੇ ਪੁੱਤ) ਦੀ ਮੌਤ ਹੋ ਗਈ ਜਦੋਂਕਿ ਘਰ ਦੇ ਬਾਹਰ ਖੇਡ ਰਹੀ ਸੱਤ ਸਾਲਾ ਧੀ ਖਤੀਜਾ ਕੁਦਰਤੀ ਬਚ ਗਈ।
ਮ੍ਰਿਤਕਾਂ ਦੀ ਪਛਾਣ ਜਾਵੇਦ ਅਲੀ(35), ਉਸ ਦੀ ਪਤਨੀ ਅਨੂ(32) ਅਤੇ ਬੇਟੇ ਨੂਰ ਮੁਹੰਮਦ (5) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਪਰਿਵਾਰ ਦੁਪਹਿਰ ਦੇ ਸਮੇਂ ਛੱਤ ਹੇਠਾਂ ਬੈਠ ਕੇ ਰੋਟੀ ਖਾ ਰਿਹਾ ਸੀ, ਜਦ ਛੱਤ ਦੇ ਗਾਰਡਰ ਤੇ ਬਾਲੇ ਥੱਲੇ ਆਏ ਅਤੇ ਤਿੰਨੇ ਹੇਠਾਂ ਦੱਬ ਗਏ।
ਗੁਆਂਢੀਆਂ ਨੇ ਤੁਰੰਤ ਮਦਦ ਕੀਤੀ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਐੱਸਡੀਐੱਮ ਦਰਸ਼ਨ ਕੁਮਾਰ ਹਸਪਤਾਲ ਪੁੱਜੇ ਅਤੇ ਲਾਸ਼ਾਂ ਨੂੰ ਮੁਰਦਾ ਘਰ ਵਿੱਚ ਭੇਜਣ ਦੇ ਹੁਕਮ ਦਿੱਤੇ।
ਜਾਣਕਾਰੀ ਅਨੁਸਾਰ ਪਰਿਵਾਰ ਮੂਲ ਰੂਪ ’ਚ ਅੰਬਾਲਾ ਦਾ ਹੀ ਵਸਨੀਕ ਸੀ। ਪਰਿਵਾਰ ਦਾ ਰੋਜ਼ੀ-ਰੋਟੀ ਰੇਹੜੀ-ਫੜੀ ਲਾ ਕੇ ਚਲਦੀ ਸੀ।
ਘਰ ਵਿੱਚ ਇੱਕ ਵੱਡੀ ਮਾਂ ਅਤੇ ਇਹ ਚਾਰ ਮੈਂਬਰ ਰਹਿੰਦੇ ਸਨ। ਹਾਦਸੇ ਵੇਲੇ ਮਾਂ ਵੀ ਘਰ ਤੋਂ ਬਾਹਰ ਗਈ ਹੋਈ ਸੀ।