ਕਰਜ਼ੇ ਦਾ ਪੈਸਾ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਰਹੀ ਹੈ ‘ਆਪ’: ਚੁੱਘ
ਅਮਲੋਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਪੰਜਾਬ ਸਰਕਾਰ ਆਰਥਿਕ ਤੌਰ ’ਤੇ ਦਿਵਾਲੀਆ ਹੋ ਚੁੱਕੀ ਹੈ। ਇਸ ਨੇ ਹਾਲ ਹੀ ਵਿੱਚ ਇੱਕ ਲੱਖ ਕਰੋੜ ਦਾ ਕਰਜ਼ਾ ਲਿਆ ਹੈ ਅਤੇ ਸਰਕਾਰੀ ਇਮਾਰਤਾਂ ਨੂੰ ਵੇਚਿਆ ਜਾ ਰਿਹਾ ਹੈ। ਇਸ ਦਾ ਜ਼ਿਆਦਾਤਰ ਪੈਸਾ ਇਸ਼ਤਿਹਾਰਾਂ ’ਤੇ ਖ਼ਰਚ ਕੀਤਾ ਜਾ ਰਿਹਾ। ਉਹ ਇੱਥੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਪ੍ਰਦੀਪ ਗਰਗ ਦੇ ਨਿਵਾਸ ’ਤੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨਾਲ ਜਿਹੜੇ ਰਾਜਾਂ ਵਿੱਚ ਭਾਜਪਾ ਸਰਕਾਰਾਂ ਹਨ ਉਨ੍ਹਾਂ ਦਾ ਵੱਡੇ ਪੱਧਰ ’ਤੇ ਵਿਕਾਸ ਹੋ ਰਿਹਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਵਿਨੋਦ ਮਿੱਤਲ ਅਤੇ ਰਾਜਪਾਲ ਗਰਗ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਪੰਜਾਬੀ ਅਧਿਆਪਕ ਜਥੇਦਾਰ ਝੀਂਡਾ ਨੂੰ ਮਿਲੇ
ਪੰਚਕੂਲਾ: ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਦੇ ਵਫ਼ਦ ਨੇ ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨਾਲ ਮੁਲਾਕਾਤ ਕੀਤੀ। ਸ੍ਰੀ ਗਿੱਲ ਅਤੇ ਜਨਰਲ ਸਕੱਤਰ ਸੁਨੀਲ ਗੋਇਲ ਨੇ ਮੰਗ ਕੀਤੀ ਕਿ ਹਰਿਆਣਾ ਵਿੱਚ ਪੰਜਾਬੀ ਦੂਜੀ ਭਾਸ਼ਾ ਹੈ, ਇਸ ਲਈ ਇਸ ਨੂੰ ਪ੍ਰਾਇਮਰੀ ਜਮਾਤਾਂ ਤੋਂ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ। ਜਥੇਦਾਰ ਝੀਂਡਾ ਨੇ ਇਸ ਨਾਲ ਸਹਿਮਤੀ ਪ੍ਰਗਟ ਕਰਦਿਆਂ ਸਹਿਯੋਗ ਦਾ ਭਰੋਸਾ ਦਿੱਤਾ। ਸ੍ਰੀ ਗੋਇਲ ਨੇ ਮੰਗ ਕੀਤੀ ਕਿ ਕਮੇਟੀ ਮੈਰਿਟ ਵਿੱਚ ਆਉਣ ਵਾਲੇ ਪੰਜਾਬੀ ਵਿਦਿਆਰਥੀਆਂ ਦਾ ਸਨਮਾਨ ਕਰੇ। ਸ੍ਰੀ ਝੀਂਡਾ ਨੇ ਕਿਹਾ ਕਿ ਕਮੇਟੀ ਬੋਰਡ ਜਮਾਤਾਂ ਵਿੱਚ ਪੰਜਾਬੀ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੂਰਾ ਖ਼ਰਚਾ ਚੁੱਕੇਗੀ ਅਤੇ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰੀ ਕਰਵਾਏਗੀ। -ਪੱਤਰ ਪ੍ਰੇਰਕ
ਬੂਥ ਪੱਧਰ ’ਤੇ ਕਮੇਟੀਆਂ ਬਣਾਉਣ ਦਾ ਫ਼ੈਸਲਾ
ਅਮਲੋਹ: ਕਾਂਗਰਸ ਦਫ਼ਤਰ ਅਮਲੋਹ ਵਿੱਚ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਵਿੱਚ ਪਾਰਟੀ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਰ ਬਲਾਕ ਦੀ ਹਰ ਬੂਥ ਕਮੇਟੀ ਲਈ 21 ਮੈਂਬਰ ਬਣਾਉਣ ਦੇ ਫ਼ੈਸਲੇ ਪ੍ਰਤੀ ਵਰਕਰਾਂ ਨੂੰ ਜਾਣੂ ਕਰਵਾਉਂਦੇ ਹੋਏ ਇਸ ਮੰਤਵ ਲਈ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸੰਮਤੀ ਮੈਂਬਰ ਬਿੱਕਰ ਸਿੰਘ ਦੀਵਾ, ਮਹਿੰਦਰ ਪਜਨੀ, ਗੁਰਮੀਤ ਸਿੰਘ ਟਿੱਬੀ, ਗੁਰਪ੍ਰੀਤ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਗੀ, ਜਗਤਾਰ ਸਿੰਘ ਤੰਗਰਾਲਾ, ਸ਼ਿਵ ਕੁਮਾਰ ਗਰਗ, ਰਣਜੀਤ ਸਿੰਘ ਕੰਜਾਰੀ, ਜਗਦੀਸ਼ ਸਿੰਘ ਦੀਸ਼ਾ, ਹਰਬੰਸ ਸਿੰਘ ਭਰਪੂਰਗੜ੍ਹ, ਗੁਰਬਚਨ ਕਾਹਨਪੁਰਾ, ਪ੍ਰੀਤਮ ਸਿੰਘ ਬੈਣਾ, ਹੈਪੀ ਸੇਢਾ, ਰਣਜੀਤ ਕੌਰ ਅਮਲੋਹ, ਭੁਪਿੰਦਰ ਕੌਰ ਸ਼ਾਹਪੁਰ, ਗੰਗਾ ਪੁਰੀ, ਅਮਨਦੀਪ ਰਹਿਲ, ਹਰਵਿੰਦਰ ਧੂਮੀ, ਸੁੱਖ ਰਾਏਪੁਰ, ਗੌਰਵ ਪ੍ਰਭਾਕਰ ਅਤੇ ਪੀਏ ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਡਾਇਰੈਕਟਰ ਵੱਲੋਂ ਹਸਪਤਾਲ ਦੀ ਇਮਾਰਤ ਦਾ ਜਾਇਜ਼ਾ
ਚਮਕੌਰ ਸਾਹਿਬ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਗੋਇਲ ਵੱਲੋਂ ਸਬ-ਡਿਵੀਜ਼ਨਲ ਹਸਪਤਾਲ ਚਮਕੌਰ ਸਾਹਿਬ ਦੀ ਨਵੀਂ ਤਿਆਰ ਹੋਈ ਇਮਾਰਤ ਦਾ ਦੌਰਾ ਕਰ ਕੇ ਉਦਘਾਟਨ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਜ਼ਰੂਰੀ ਸਾਜ਼ੋ-ਸਾਮਾਨ ਤਿਆਰ ਕਰਨ ਲਈ ਕਿਹਾ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸਵਪਨਜੀਤ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ, ਡਿਪਟੀ ਮੈਡੀਕਲ ਅਫ਼ਸਰ ਡਾ. ਉਪਿੰਦਰ ਸਿੰਘ ਅਤੇ ਐੱਸਡੀਓ ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਪੰਜਾਬ ਵਿੱਚ ਖੇਤੀ ਸੰਕਟ ’ਤੇ ਚਰਚਾ
ਮੰਡੀ ਗੋਬਿੰਦਗੜ੍ਹ: ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ ਸਕੂਲ ਵੱਲੋਂ ‘ਪੰਜਾਬ ਵਿੱਚ ਹਾਲੀਆ ਖੇਤੀ ਸੰਕਟ’ ਵਿਸ਼ੇ ’ਤੇ ਮਾਹਿਰ ਭਾਸ਼ਣ ਕਰਵਾਇਆ ਗਿਆ। ਇਸ ਦੌਰਾਨ ਖੇਤੀਬਾੜੀ ਅਰਥ-ਸ਼ਾਸਤਰੀ ਡਾ. ਐੱਮਐੱਸ ਤੂਰ ਨੇ ਬੀਐੱਸਸੀ ਅਤੇ ਐੱਮਐੱਸਸੀ ਖੇਤੀਬਾੜੀ ਦੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਚਾਨਣਾ ਪਾਇਆ। ਭਾਸ਼ਣ ਉਪਰੰਤ ਸਵਾਲ-ਜਵਾਬ ਸੈਸ਼ਨ ਹੋਇਆ ਜਿਸ ਵਿੱਚ ਵਿਦਿਆਰਥੀਆਂ ਨੇ ਸੰਭਾਵਿਤ ਹੱਲਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਡਾ. ਪੱਲਵੀ ਘੋਸ਼ ਨੇ ਕੀਤੀ। ਉਨ੍ਹਾਂ ਮਹਿਮਾਨ ਦਾ ਸਵਾਗਤ ਕਰਦਿਆਂ ਅਜਿਹੇ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਦਮਨਜੀਤ ਕੌਰ ਅਤੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ। ਇਸ ਉਪਰੰਤ ਵਿਦਿਆਰਥੀਆਂ ਨਾਲ ਸਮੂਹਿਕ ਚਰਚਾ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ
ਟਰੇਡ ਯੂਨੀਅਨ ਆਗੂ ਦਲੀਪ ਨੰਦੀ ਨੂੰ ਸ਼ਰਧਾਂਜਲੀ
ਚੰਡੀਗੜ੍ਹ: ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ ਟਰੇਡ ਯੂਨੀਅਨ ਆਗੂ ਦਲੀਪ ਨੰਦੀ (93) ਨੂੰ ਸੈਕਟਰ-20 ਵਿੱਚ ਸਥਿਤ ਕਮਿਊਨਿਟੀ ਸੈਂਟਰ ਵਿੱਚ ਸ਼ਰਧਾਂਜਲੀ ਦਿੱਤੀ ਗਈ। ਸ੍ਰੀ ਨੰਦੀ ਦਾ 18 ਮਈ ਨੂੰ ਦੇਹਾਂਤ ਹੋ ਗਿਆ ਸੀ। ਇਸ ਮੌਕੇ ਇੰਦਰਜੀਤ ਗਰੇਵਾਲ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਅਹਿਮ ਪਹਿਲੂਆਂ ’ਤੇ ਚਾਨਣਾ ਪਾਇਆ। ਬਲਦੇਵ ਸਿੰਘ ਨੇ ਬੀਮਾ ਖੇਤਰ, ਪੀਡੀਐੱਸ ਉੱਪਲ ਨੇ ਬੈਂਕ ਖੇਤਰ, ਵਿਜੈ ਸਿੰਘ ਨੇ ਬਿਜਲੀ ਖੇਤਰ, ਚਮਨ ਲਾਲ ਨੇ ਟਰੇਡ ਯੂਨੀਅਨ, ਦਯਾ ਸਿੰਘ, ਕਰਨੈਲ ਸਿੰਘ ਨੇ ਚੰਡੀਗੜ੍ਹ ਦੀ ਮਜ਼ਦੂਰ ਜਮਾਤ ਦੇ ਹਿੱਤਾ ਵਿੱਚ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ। ਸ੍ਰੀ ਨੰਦੀ ਦੀ ਧੀ ਨੁਪੂਰ ਨੇ ਉਨ੍ਹਾਂ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। -ਟ੍ਰਿਬਿਊਨ ਨਿਊਜ਼ ਸਰਵਿਸ