ਦਹਿਸ਼ਤੀ ਮੌਡਿਊਲ ਦੇ ਦੋ ਗੁਰਗੇ 2.8 ਕਿਲੋ ਧਮਾਕਾਖੇਜ਼ ਸਮੱਗਰੀ ਸਣੇ ਕਾਬੂ
ਚੰਡੀਗੜ੍ਹ, 13 ਅਪਰੈਲ
ਪੰਜਾਬ ਪੁਲੀਸ ਨੇ ਦਹਿਸ਼ਤੀ ਮੌਡਿਊਲ ਦੇ ਦੋ ਕਾਰਕੁਨਾਂ ਨੂੰ 1.6 ਕਿਲੋਂ ਆਰਡੀਐਕਸ ਸਣੇ 2.8 ਕਿਲੋ ਧਮਾਕਾਖੇਜ਼ ਸਮੱਗਰੀ ਨਾਲ ਕਾਬੂ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਜੱਗਾ ਸਿੰਘ ਤੇ ਮਨਜਿੰਦਰ ਸਿੰਘ ਵਜੋਂ ਹੋਈ ਹੈ, ਜਰਮਨੀ ਅਧਾਰਿਤ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਵੱਲੋਂ ਚਲਾਏ ਜਾਂਦੇ ਦਹਿਸ਼ਤੀ ਮੌਡਿਊਲ ਦੇ ਅਹਿਮ ਮੈਂਬਰ ਹਨ। ਗੋਲਡੀ ਢਿੱਲੋਂ ਅੱਗੇ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੋਹ ਦੇ ਨੇੜੇ ਦੱਸਿਆ ਜਾਂਦਾ ਹੈ।
ਡੀਜੀਪੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਟੀਮ ਨੇ ਜਰਮਨੀ ਅਧਾਰਿਤ ਗੁਰਪ੍ਰੀਤ ਸਿੰੰਘ ਉਰਫ਼ ਗੋਲਡੀ ਢਿੱਲੋਂ, ਜੋ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੋਹ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ, ਵੱਲੋਂ ਚਲਾਏ ਜਾਂਦੇ ਦਹਿਸ਼ਤੀ ਮੌਡਿਊਲ ਦੇ ਅਹਿਮ ਗੁਰਗਿਆਂ ਜੱਗਾ ਸਿੰਘ ਤੇ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲੀਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਖਿੱਤੇ ਵਿਚ ਅਮਨ ਕਾਨੂੰਨ ਤੇ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ।’’
ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ 2.8 ਕਿਲੋ ਆਈਈਡੀ ਤੇ ਇਕ ਰਿਮੋਟ ਵੀ ਬਰਾਮਦ ਕੀਤਾ ਹੈ। ਇਸ ਧਮਾਕਾਖੇਜ਼ ਸਮੱਗਰੀ ਵਿਚ 1.6 ਕਿਲੋ ਆਰਡੀਐੱਕਸ ਵੀ ਸ਼ਾਮਲ ਸੀ। ਪੁਲੀਸ ਮੁਖੀ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਬਰਾਮਦ ਕੀਤੀ ਧਮਾਕਾਖੇਜ਼ ਸਮੱਗਰੀ ਕਿਸੇ ਦਹਿਸ਼ਤੀ ਹਮਲੇ ’ਚ ਵਰਤੀ ਜਾਣੀ ਸੀ। ਯਾਦਵ ਨੇ ਕਿਹਾ ਕਿ ਐੱਨਆਈਏ ਨੇ ਢਿੱਲੋਂ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਪੁਲੀਸ ਨੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। -ਪੀਟੀਆਈ