ਦਿ ਕਾਹਨੇ ਕੇ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਮੁਅੱਤਲ
ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 25 ਅਪਰੈਲ
ਦਿ ਕਾਹਨੇ ਕੇ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਦੀ ਨੌਂ ਮੈਂਬਰੀ ਪ੍ਰਬੰਧਕ ਕਮੇਟੀ ਨੂੰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਪਾ ਨੇ ਕੋਆਪਰੇਟਿਵ ਸੁਸਾਇਟੀਜ਼ ਐਕਟ 1961 ਦੀ ਧਾਰਾ 27(1) ਦੀ ਵਰਤੋਂ ਕਰਦਿਆਂ ਮੁਅੱਤਲ ਕਰ ਦਿੱਤਾ ਤੇ ਕਮੇਟੀ ਨੂੰ ਨੋਟਿਸ ਜਾਰੀ ਕਰਦਿਆਂ 20 ਮਈ ਆਪਣਾ ਪੱਖ ਰੱਖਣ ਦੇ ਅਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਭਾ ਦੇ ਸਕੱਤਰ ਸਾਗਰ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਸਭਾ ਦਾ ਕੰਮ ਚਲਾਉਣ ਲਈ ਵਿਭਾਗ ਨੇ ਬਦਰਾ ਦੀ ਸਹਿਕਾਰੀ ਸਭਾ ਦੇ ਅਧਿਕਾਰੀ ਨੂੰ ਵਾਧੂ ਚਾਰਜ਼ ਦਿੱਤਾ ਸੀ ਪਰ ਸਭਾ ਦੀ ਪ੍ਰਬੰਧਕ ਕਮੇਟੀ ਨੇ ਉਸ ਅਧਿਕਾਰੀ ਨੂੰ ਜੁਆਇਨ ਨਹੀਂ ਕਰਵਾਇਆ ਗਿਆ, ਜਿਸ ਨਾਲ ਸਭਾ ਦੇ ਮੈਂਬਰਾਂ ਅਤੇ ਸਭਾ ਦੇ ਹਿੱਤਾਂ ਦਾ ਨੁਕਸਾਨ ਹੋ ਰਿਹਾ ਸੀ। ਸਭਾ ਦੀ ਪ੍ਰਬੰਧਕ ਕਮੇਟੀ ਦੀ ਇਸ ਅਣਗਹਿਲੀ ਦੀ ਸਿਫਾਰਸ਼ ਨਿਰੀਖਕ ਫੋਕਲ ਪੁਆਇੰਟ ਰੂੜੇਕੇ ਕਲਾਂ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾ ਤਪਾ ਨੂੰ ਕੀਤੀ ਸੀ ਜਿਸ ’ਤੇ ਕਾਰਵਾਈ ਕਰਦਿਆਂ ਏ ਆਰ ਤਪਾ ਨੇ ਦਿ ਕਾਹਨੇ ਕੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਨੂੰ ਮੁਅੱਤਲ ਕਰਕੇ ਗੁਰਮੁਖ ਸਿੰਘ ਨਿਰੀਖਕ ਸਹਿਕਾਰੀ ਸਭਾਵਾਂ ਫੋਕਲ ਪੁਆਇੰਟ ਮੋੜ ਨਾਭਾ ਨੂੰ ਪ੍ਰਸ਼ਾਸਕ ਲਾਇਆ ਹੈ।