ਨਵਾਂ ਬੱਸ ਅੱਡਾ: ਖਿੱਚੋਤਾਣ ਨੇ ਦੋ ਧੜਿਆਂ ’ਚ ਵੰਡੇ ਲੋਕ
ਸ਼ਗਨ ਕਟਾਰੀਆ
ਬਠਿੰਡਾ, 29 ਅਪਰੈਲ
ਇਸ ਵੇਲੇ ਸ਼ਹਿਰ ਦੇ ਬੱਸ ਅੱਡੇ ਦਾ ਮੁੱਦਾ ਕਈ ਧਿਰਾਂ ਲਈ ਮਰਕਜ਼ੀ ਬਿੰਦੂ ਬਣਿਆ ਹੋਇਆ ਹੈ। ਇੱਥੇ 24 ਅਪਰੈਲ ਤੋਂ ਪੱਕਾ ਮੋਰਚਾ ਲਾਈ ਬੈਠੀਆਂ ਧਿਰਾਂ ਨੂੰ ਅੱਜ ਹੋਰ ਬਲ ਉਦੋਂ ਮਿਲਿਆ, ਜਦੋਂ ਨਗਰ ਨਿਗਰ ਦੇ ਮੇਅਰ ਪਦਮਜੀਤ ਮਹਿਤਾ ਨੇ ਮੋਰਚਾ ਸਥਾਨ ’ਤੇ ਪਹੁੰਚ ਕੇ, ਮੋਰਚਾਕਾਰੀਆਂ ਦੀ ਸੁਰ ’ਚ ਸੁਰ ਮਿਲਾਉਂਦਿਆਂ ਕਿਹਾ ਕਿ ਲੋਕਾਂ ਦੀ ਰਾਇ ਤੋਂ ਬਾਅਦ ਹੀ ਅੱਡੇ ਬਾਰੇ ਫੈਸਲਾ ਲਿਆ ਜਾਵੇਗਾ। ਇਸੇ ਪ੍ਰਸੰਗ ’ਚ ਰੌਚਿਕਤਾ ਅੱਜ ਇਹ ਵੀ ਰਹੀ ਕਿ ਕੁਝ ਲੋਕਾਂ ਨੇ ਇੱਥੇ ਪ੍ਰਦਰਸ਼ਨ ਕਰ ਕੇ ਨਵੇਂ ਬੱਸ ਅੱਡੇ ਦੀ ਵਕਾਲਤ ਕਰਦਿਆਂ, ਅੱਡੇ ਨੂੰ ਛੇਤੀ ਸ਼ਿਫ਼ਟ ਕਰਨ ਦੀ ਮੰਗ ਕੀਤੀ।
ਨਵੇਂ ਬੱਸ ਅੱਡੇ ਦੇ ਸਮਰਥਨ ’ਚ ਪ੍ਰਦਰਸ਼ਨ ਕਰਨ ਵਾਲਿਆਂ ਦੀ ਅਗਵਾਈ ਕਰ ਰਹੇ ਡਾ. ਤਰਸੇਮ ਗਰਗ, ਲਖਵਿੰਦਰ ਸਿੰਘ ਲੱਖਾ, ਰੁਪਿੰਦਰ ਸਿੰਘ, ਬਲਜਿੰਦਰ ਸਿੰਘ ਸਿੱਧੂ, ਅੰਮ੍ਰਿਤਪਾਲ ਢਿੱਲੋਂ, ਰਾਕੇਸ਼ ਵਰਮਾ ਆਦਿ ਦਾ ਕਹਿਣਾ ਸੀ ਕਿ ਬੱਸ ਅੱਡੇ ’ਤੇ ਰਾਜਨੀਤੀ ਹੋ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਨਵਾਂ ਅੱਡਾ ਤਿੰਨ ਰਾਸ਼ਟਰੀ ਮਾਰਗਾਂ ’ਤੇ ਪੈਂਦਾ ਹੋਣ ਕਰਕੇ ਸ਼ਹਿਰ ਹੋਰ ਵਿਕਾਸ ਕਰੇਗਾ। ਉਨ੍ਹਾਂ ਕਿਹਾ ਕਿ ਪੁਰਾਣਾ ਬੱਸ ਅੱਡਾ ਵੀ ਉਵੇਂ ਜਿਵੇਂ ਕਾਇਮ ਰਹੇਗਾ, ਜਿਸ ਕਾਰਨ ਵਪਾਰ ’ਤੇ ਕੋਈ ਫਰਕ ਨਹੀਂ ਪਵੇਗਾ। ਇਨ੍ਹਾਂ ਵਿਖਾਵਾਕਾਰੀਆਂ ਨੇ ਅੱਡੇ ਦੇ ਹੱਕ ’ਚ ਏਡੀਸੀ (ਜਨਰਲ) ਪੂਨਮ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ।
ਉਧਰ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਵੱਲੋਂ ਨਵੇਂ ਬੱਸ ਅੱਡੇ ਦੇ ਵਿਰੋਧ ’ਚ ਜਾਰੀ ਪੱਕੇ ਮੋਰਚੇ ਦਾ ਅੱਜ 6ਵਾਂ ਦਿਨ ਸੀ। ਮੋਰਚਾ ਸਥਾਨ ’ਤੇ ਪੁੱਜੇ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਨੇ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇੱਥੇ ਹੀ ਮੇਅਰ ਪਦਮਜੀਤ ਮਹਿਤਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਭਰੋਸਾ ਦਿੱਤਾ ਕਿ ਬੱਸ ਅੱਡਾ ਕਿਤੇ ਸ਼ਿਫ਼ਟ ਨਹੀਂ ਕੀਤਾ ਜਾਵੇਗਾ। ਉੁਨ੍ਹਾਂ ਕਿਹਾ ਕਿ ਪਹਿਲਾਂ ਲੋਕ ਰਾਇ ਲਈ ਜਾਵੇਗੀ ਅਤੇ ਫਿਰ ਹੀ ਕੋਈ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਇਹ ਮਾਮਲਾ ਡਿਪਟੀ ਕਮਿਸ਼ਨਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਮੁੱਖ ਮੰਤਰੀ ਕੋਲ ਉਠਾਏ ਜਾਣ ਦੀ ਵੀ ਗੱਲ ਆਖੀ।
ਮੋਰਚੇ ’ਚ ਸ਼ਾਮਲ ਗੁਰਪ੍ਰੀਤ ਆਰਟਿਸਟ ਅਤੇ ਗੁਰਵਿੰਦਰ ਸ਼ਰਮਾ ਨੇ ਦੋਸ਼ ਲਾਇਆ ਕਿ ਕਿ ਕੁਝ ਲੋਕ ਮਸਲੇ ਨੂੰ ਭਟਕਾ ਕੇ ਰਾਜਨੀਤੀ ਕਰ ਰਹੇ ਹਨ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਅਤੇ ਹਰਵਿੰਦਰ ਹੈਪੀ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਪੁਰਾਣਾ ਬੱਸ ਸਟੈਂਡ ਸਲਾਮਤ ਰੱਖੇ ਜਾਣ ਦਾ ਪੱਕਾ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਡਾ. ਅਜੀਤਪਾਲ ਸਿੰਘ ਨੇ ਮੇਅਰ ਤੋਂ ਜਲਦੀ ਫੈਸਲਾ ਲੈਣ ਦੀ ਮੰਗ ਕੀਤੀ। ਭਾਜਪਾ ਨੇਤਾ ਸੰਦੀਪ ਅਗਰਵਾਲ ਦਾ ਦੋਸ਼ ਸੀ ਕਿ ਹਾਕਮ ਧਿਰ ਰਭੂ-ਮਾਫੀਏ ਨੂੰ ਫਾਇਦਾ ਦੇਣ ਲਈ ਲੋਕ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ। ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਛੇ ਦਿਨ ਲੰਘਣ ਦੇ ਬਾਵਜੂਦ ਪ੍ਰਸ਼ਾਸਨ ਦਾ ਰਵੱਈਆ ਲੋਕ ਮਨਾਂ ਵਿੱਚ ਸਵਾਲ ਪੈਦਾ ਕਰਦਾ ਹੈ।