ਸੁੱਤੀ ਪਈ ਪਤਨੀ ਦੀ ਕਹੀ ਨਾਲ ਗਰਦਨ ਵੱਢ ਕੇ ਹੱਤਿਆ
ਪੁਲੀਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ, ਜਾਂਚ ਜਾਰੀ; ਮੁਲਜ਼ਮ ਨੇ ਘਰੇਲੂ ਕਲੇਸ਼ ਕਾਰਨ ਘਟਨਾ ਨੂੰ ਦਿੱਤਾ ਅੰਜਾਮ ਤੇ ਫਿਰ ਖ਼ੁਦ ਹੀ ਪੁਲੀਸ ਨੂੰ ਦਿੱਤੀ ਕਤਲ ਦੀ ਇਤਲਾਹ
ਜਗਤਾਰ ਸਮਾਲਸਰ
ਏਲਨਾਬਾਦ, 7 ਜੂਨ
ਨਾਥੂਸਰੀ ਚੌਪਟਾ ਖੇਤਰ ਦੇ ਪਿੰਡ ਰਾਮਪੁਰਾ ਢਿੱਲੋਂ ਵਿੱਚ ਅੱਜ ਤੜਕੇ ਕਰੀਬ 4 ਵਜੇ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਨੇ ਆਪਣੀ ਸੁੱਤੀ ਪਈ ਪਤਨੀ ਦੀ ਗਰਦਨ ਕਹੀ ਨਾਲ ਵੱਢ ਕੇ ਉਸਦੀ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਮੁਲਜ਼ਮ ਨੇ ਖੁਦ ਹੀ ਪੁਲੀਸ ਨੂੰ ਫ਼ੋਨ ਕਰ ਕੇ ਇਸ ਕਤਲ ਦੀ ਇਤਲਾਹ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਮਾਇਆ ਦੇਵੀ (35) ਤੇ ਮੁਲਜ਼ਮ ਦੀ ਸ਼ਨਾਖ਼ਤ ਰੋਹਤਾਸ਼ ਵਜੋਂ ਹੋਈ ਹੈ।
ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਢਿੱਲੋਂ ਦਾ ਰਹਿਣ ਵਾਲਾ ਮੁਲਜ਼ਮ ਰੋਹਤਾਸ਼ ਮਜ਼ਦੂਰੀ ਕਰਦਾ ਹੈ। ਕਰੀਬ 20 ਸਾਲ ਪਹਿਲਾ ਉਸ ਦਾ ਵਿਆਹ ਮਾਇਆ ਦੇਵੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ।
ਸ਼ੁੱਕਰਵਾਰ ਰਾਤੀਂ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਸੌਂ ਗਏ। ਸਵੇਰੇ ਕਰੀਬ ਚਾਰ ਵਜੇ ਰੋਹਤਾਸ਼ ਨੇ ਮੰਜੇ ’ਤੇ ਸੁੱਤੀ ਪਈ ਮਾਇਆ ਦੇਵੀ ਦੀ ਗਰਦਨ ਕਹੀ ਨਾਲ ਵੱਢ ਦਿੱਤੀ ਅਤੇ ਘਟਨਾ ਤੋਂ ਬਾਅਦ ਇਸ ਦੀ ਸੂਚਨਾ ਖੁਦ ਹੀ ਪੁਲੀਸ ਨੂੰ ਦੇ ਦਿੱਤੀ।
ਸੂਚਨਾ ਮਿਲਣ ਤੇ ਨਾਥੂਸਰੀ ਚੌਪਟਾ ਥਾਣਾ ਇੰਚਾਰਜ ਰਾਜ ਕੁਮਾਰ, ਜਮਾਲ ਚੌਕੀ ਇੰਚਾਰਜ ਰਾਜੇਸ਼ ਕੁਮਾਰ ਅਤੇ ਮਹਿਲਾ ਕਾਂਸਟੇਬਲ ਸੁਨੀਤਾ ਪੁਲੀਸ ਟੀਮ ਨਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ। ਪੁਲੀਸ ਨੇ ਘਟਨਾ ਸਥਾਨ ਤੋਂ ਹੀ ਮੁਲਜ਼ਮ ਰੋਹਤਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰੋਹਤਾਸ਼ ਪਿਛਲੇ ਕਰੀਬ 15 ਸਾਲਾਂ ਤੋਂ ਆਪਣੇ ਪਰਿਵਾਰ ਸਣੇ ਆਪਣੇ ਮਾਪਿਆਂ ਤੋਂ ਅਲੱਗ ਰਹਿੰਦਾ ਸੀ। ਸੂਤਰਾਂ ਅਨੁਸਾਰ ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਦੋਨਾਂ ਵਿਚਕਾਰ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਫਿਲਹਾਲ ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।