ਮਾਨਸਾ: ਸਰਕਾਰੀ ਸਕੂਲ ਮਲਕੋਂ ਨੂੰ ‘ਪੰਜਾਬ ਰਾਜ ਵਾਤਾਵਰਨ’ ਐਵਾਰਡ
ਜੋਗਿੰਦਰ ਸਿੰਘ ਮਾਨ
ਬੁਢਲਾਡਾ (ਮਾਨਸਾ), 6 ਜੂਨ
ਮਾਨਸਾ ਜ਼ਿਲ੍ਹੇ ਦੇ ਪਿੰਡ ਮਲਕੋਂ ਦੇ ਸਰਕਾਰੀ ਹਾਈ ਸਕੂਲ ਨੂੰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਐਵਾਰਡ’ ਨਾਲ ਨਿਵਾਜਿਆ ਹੈ। ਇਸ ਐਵਾਰਡ ਵਿੱਚ ਇਕ ਲੱਖ ਰੁਪਏ ਨਗਦ, ਚਾਂਦੀ ਦੀ ਪਲੇਟ ਅਤੇ ਸਰਟੀਫਿਕੇਟ ਸਨਮਾਨ ਵਜੋਂ ਮਿਲਿਆ ਹੈ। ਸਕੂਲ ਨੂੰ ਇਹ ਐਵਾਰਡ ਸਕੂਲ ਵਿੱਚ 45 ਤਰ੍ਹਾਂ ਦੇ ਵਿਰਾਸਤੀ ਦਰੱਖਤਾਂ ਦਾ ਮਿੰਨੀ ਜੰਗਲ ਲਾਉਣ, ਕੈਂਪਸ ਦੀ ਹਰਿਆਲੀ ਅਤੇ ਸਕੂਲ ਵਿੱਚ ਪਲਾਸਟਿਕ ਦੀ ਵਰਤੋਂ ’ਤੇ ਮਨਾਹੀ ਕਰ ਕੇ ਮਿਲਿਆ ਹੈ।
ਸਕੂਲ ਨੂੰ ਇਹ ਸਨਮਾਨ ਮਿਲਣ ’ਤੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅੱਜ ਇਥੇ ਦੱਸਿਆ ਕਿ ਇਹ ਸਨਮਾਨ ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਵੱਲੋਂ ਵਾਤਾਵਰਨ ਦਿਵਸ ਮੌਕੇ ਇੰਡੀਅਨ ਸਕੂਲ ਆਫ ਬਿਜ਼ਨਸ ਮੁਹਾਲੀ ਵਿਚ ਰਾਜ ਪੱਧਰੀ ਸਮਾਗਮ ਦੌਰਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਇਹ ਸਨਮਾਨ ਮਾਨਸਾ ਦੇ ਮਲਕੋਂ ਸਕੂਲ ਦੇ ਹਿੱਸੇ ਆਇਆ ਹੈ।
ਵਿਧਾਇਕ ਬੁੱਧ ਰਾਮ ਨੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ, ਪੰਚਾਇਤ, ਸਕੂਲ ਦੀ ਪ੍ਰਬੰਧਕ ਕਮੇਟੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਲਕੋਂ ਸਕੂਲ ਨੇ ਸਿਰਫ ਧਰਤੀ ’ਤੇ ਵਿਰਾਸਤੀ ਰੁੱਖ ਹੀ ਨਹੀਂ ਲਗਾਏ ਸਗੋਂ ਪਲਾਸਟਿਕ ਨੂੰ ਸਕੂਲ ਵਿੱਚ ਬੈਨ ਕਰਕੇ ਇੱਕ ਵਿਲੱਖਣ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਸਕੂਲ ਗਰੀਨ ਨੈਸ਼ਨਲ ਸਕੂਲ ਐਵਾਰਡ ਅਤੇ ਉੱਤਮ ਸਕੂਲ ਐਵਾਰਡ, ਜਿਸ ਦੀ ਨਗਦ ਰਾਸ਼ੀ ਸਾਢੇ ਸੱਤ ਲੱਖ ਰੁਪਏ ਸੀ, ਵੀ ਜਿੱਤ ਚੁੱਕਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਭੁਪਿੰਦਰ ਕੌਰ,ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਬੂਟਾ ਸਿੰਘ ਸੇਖੋਂ, ਕਮਲਜੀਤ ਕੌਰ, ਗੁਰਮੀਤ ਸਿੰਘ ਸਿੱਧੂ, ਅਰੁਣ ਕੁਮਾਰ ਤੇ ਹੋਰ ਮੌਜੂਦ ਸਨ।
ਜੰਗੀਰਾਣਾ ਦੀ ਪੰਚਾਇਤ ਦਾ ਐਵਾਰਡ ਨਾਲ ਸਨਮਾਨ
ਬਠਿੰਡਾ (ਸ਼ਗਨ ਕਟਾਰੀਆ): ਵਾਤਾਵਰਨ ਦੀ ਸ਼ੁੱਧਤਾ ਤੇ ਸਾਂਭ ਸੰਭਾਲ ਲਈ ਗ੍ਰਾਮ ਪੰਚਾਇਤ ਜੰਗੀਰਾਣਾ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਸ਼ਹੀਦ ਭਗਤ ਸਿੰਘ ਵਾਤਾਵਰਨ ਐਵਾਰਡ’ ਅਤੇ 1 ਲੱਖ ਰੁਪਏ ਦੀ ਸਨਮਾਨ ਰਾਸ਼ੀ ਨਾਲ ਨਿਵਾਜਿਆ ਗਿਆ। ਇਹ ਸਨਮਾਨ ਰਾਜ ਪੱਧਰੀ ਹੋਏ ਸਮਾਗਮ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿੱਤਾ ਗਿਆ। ਸਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਵਾਤਾਵਰਨ ਸ਼ੁੱਧ ਰੱਖਣ ਲਈ ਮਗਨਰੇਗਾ ਸਕੀਮ ਤਹਿਤ 2.5 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜਲ ਤਲਾਬ ਦਾ ਨਿਰਮਾਣ ਕਰਵਾਇਆ। ਇਸ ਤਰ੍ਹਾਂ ਸਾਫ਼ ਪਾਣੀ ਵਾਲਾ ਤਲਾਬ ਤਿਆਰ ਕੀਤਾ ਗਿਆ, ਜਿਸ ਦੀ ਵਰਤੋਂ ਖੇਤਾਂ ਦੀ ਸਿੰਜਾਈ ਲਈ ਕੀਤੀ ਜਾ ਰਹੀ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸਥਿਰ ਹੋਇਆ ਹੈ। ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਦੀ ਲਾਗਤ ਨਾਲ ਨਰਸਰੀ ਤਿਆਰ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੰਚਨ ਆਈਏਐੱਸ ਨੇ ਸਮੂਹ ਗ੍ਰਾਮ ਪੰਚਾਇਤ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ।