ਬੁਢਲਾਡਾ ਕੌਂਸਲ ਦੀ ਮੀਤ ਪ੍ਰਧਾਨ ਬਣੀ ਨਰਿੰਦਰ ਕੌਰ ਵਿਰਕ
ਪੱਤਰ ਪ੍ਰੇਰਕ
ਬੁਢਲਾਡਾ (ਮਾਨਸਾ), 6 ਜੂਨ
ਨਗਰ ਕੌਂਸਲ ਬੁਢਲਾਡਾ ਦੇ ਮੀਤ ਪ੍ਰਧਾਨ ਦੀ ਚੋਣ ਡਿਪਟੀ ਕਮਿਸ਼ਨਰ ਮਾਨਸਾ ਦੇ ਹੁਕਮਾਂ ਅਨੁਸਾਰ ਐੱਸਡੀਐੱਮ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਹੋਈ। ਇਸ ਚੋਣ ਵਿੱਚ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ 15 ਨਗਰ ਕੌਂਸਲਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਇਹ ਚੋਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ।
ਕੌਂਸਲਰ ਰਜਿੰਦਰ ਸੈਣੀ ਵੱਲੋਂ ਮੀਤ ਪ੍ਰਧਾਨ ਵਜੋਂ ਨਰਿੰਦਰ ਕੌਰ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਕੌਂਸਲਰ ਪ੍ਰੇਮ ਗਰਗ ਵੱਲੋਂ ਕੀਤੀ ਗਈ, ਜਿਸ ਵਿੱਚ ਵਿਧਾਇਕ ਸਮੇਤ 15 ਕੋਂਸਲਰਾਂ ਦੇ ਬਹੁਮਤ ਨਾਲ ਨਗਰ ਕੌਂਸਲ ਦੀ ਮੀਤ ਪ੍ਰਧਾਨ ਵਜੋਂ ਨਰਿੰਦਰ ਕੌਰ ਕੌਂਸਲਰ ਵਾਰਡ ਨੰਬਰ-19 ਨੂੰ ਚੁਣਿਆ ਗਿਆ। ਲੰਬੇ ਸਮੇਂ ਬਾਅਦ ਹੋਈ ਮੀਤ ਪ੍ਰਧਾਨ ਦੀ ਚੋਣ ਹੋਣ ਨਾਲ ਜਿੱਥੇ ਸ਼ਹਿਰ ਅੰਦਰ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਲੱਗੇਗਾ, ਉੱਥੇ ਸਥਾਨਕ ਸ਼ਹਿਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਹੋਣ ਦੀ ਵੀ ਆਸ ਬੱਝੀ ਹੈ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸ਼ਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜਾਂ ਸਬੰਧੀ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਵਿਚਾਰ-ਵਟਾਂਦਰਾਂ ਕਰ ਕੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਰਿੰਦਰ ਕੌਰ ਵਿਰਕ ਨੂੰ ਮੀਤ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਵੇਂ ਉਹ ਕੰਮ-ਕਾਜ ਦੇਖ ਰਹੇ ਸਨ, ਪਰ ਅੱਜ ਹੋਈ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਰਿਹਾ ਦੱਸਿਆ ਗਿਆ ਹੈ।