ਪ੍ਰੋਫ਼ੈਸਰਾਂ ਦੀ ਤਨਖ਼ਾਹ ਰੋਕਣ ’ਤੇ ਆਰਐੱਸਡੀ ਕਾਲਜ ਦੀ ਗਰਾਂਟ ਬੰਦ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 29 ਅਪਰੈਲ
ਫਿਰੋਜ਼ਪੁਰ ਦੇ ਸੌ ਸਾਲ ਪੁਰਾਣੇ ਆਰਐੱਸਡੀ ਕਾਲਜ ਨੂੰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਮਿਲਦੀ ਲੱਖਾਂ ਰੁਪਏ ਦੀ ਵਿੱਤੀ ਗਰਾਂਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਕਾਲਜ ਦੇ 10 ਪ੍ਰੋਫ਼ੈਸਰਾਂ ਨੂੰ ਪਿਛਲੇ 18 ਮਹੀਨਿਆਂ ਤੋਂ ਤਨਖਾਹ ਨਾ ਦੇਣ ਕਾਰਨ ਕੀਤੀ ਗਈ ਹੈ। ਇਨ੍ਹਾਂ ’ਚ 7 ਪ੍ਰੋਫੈਸਰ ਉਹ ਹਨ ਜਿਹੜੇ ਨੌਕਰੀ ਤੋਂ ਕੱਢੇ ਪ੍ਰੋਫੈਸਰਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਸਨ। ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼, ਪੰਜਾਬ ਅਤੇ ਚੰਡੀਗੜ੍ਹ ਦੇ ਬੁਲਾਰੇ ਪ੍ਰੋ. ਤਰੁਣ ਘਈ ਨੇ ਦੱਸਿਆ ਕਿ ਤਨਖਾਹ ਤੋਂ ਵਾਂਝੇ ਅਧਿਆਪਕਾਂ ਵੱਲੋਂ ਕਈ ਵਾਰ ਲਿਖਤੀ ਅਪੀਲਾਂ ਕਰਨ ਦੇ ਬਾਵਜੂਦ ਜਦੋਂ ਕਾਲਜ ਪ੍ਰਬੰਧਕੀ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ, ਤਾਂ ਅਧਿਆਪਕਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਡਾਇਰੈਕਟਰ ਉੱਚ ਸਿੱਖਿਆ ਵਿਭਾਗ ਮੁਹਾਲੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ।
ਇਸ ਮਾਮਲੇ ਵਿੱਚ ਐਜੂਕੇਸ਼ਨਲ ਟ੍ਰਿਬਿਊਨਲ ਵੱਲੋਂ ਵੀ ਕਾਲਜ ਨੂੰ ਅਧਿਆਪਕਾਂ ਦੀ ਤਨਖਾਹ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸਨ। ਉਪਰੰਤ ਅਧਿਆਪਕਾਂ ਨੇ ਇਨਸਾਫ਼ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਮਾਨਯੋਗ ਹਾਈ ਕੋਰਟ ਨੇ ਸਕੱਤਰ, ਉੱਚ ਸਿੱਖਿਆ ਵਿਭਾਗ ਅਤੇ ਡਾਇਰੈਕਟਰ ਉੱਚ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਪ੍ਰੋ. ਘਈ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡਾਇਰੈਕਟਰ ਉੱਚ ਸਿੱਖਿਆ ਵਿਭਾਗ ਨੇ ਕਈ ਵਾਰ ਆਰਐੱਸਡੀ ਕਾਲਜ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਆਖ਼ਰਕਾਰ ਡਾਇਰੈਕਟਰ ਉੱਚ ਸਿੱਖਿਆ ਵਿਭਾਗ ਵੱਲੋਂ ਕਾਲਜ ਦੀ ਵਿੱਤੀ ਗ੍ਰਾਂਟ ਬੰਦ ਕਰਨ ਦਾ ਸਖ਼ਤ ਫੈਸਲਾ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਆਰਐੱਸਡੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੀਆਂ ਮਨਮਾਨੀਆਂ ਕਾਰਨ ਕਾਲਜ ਵਿੱਚ ਕੰਮ ਕਰ ਰਹੇ ਸਟਾਫ ਅਤੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੋ. ਘਈ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਡਾਇਰੈਕਟਰ ਉੱਚ ਸਿੱਖਿਆ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਮਾਮਲੇ ਦੇ ਪਿਛੋਕੜ ’ਤੇ ਝਾਤ
ਜੁਲਾਈ 2023 ਦੇ ਅਖੀਰ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਨੇ ਬਿਨਾਂ ਕਿਸੇ ਨੋਟਿਸ ਦੇ ਆਪਣੇ ਤਿੰਨ ਸੀਨੀਅਰ ਪ੍ਰੋਫ਼ੈਸਰਾਂ ਨੂੰ ਅਚਾਨਕ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ। ਇਹ ਪ੍ਰੋਫ਼ੈਸਰ ਪਿਛਲੇ 13 ਸਾਲਾਂ ਤੋਂ ਕਾਲਜ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ, ਜਿਨ੍ਹਾਂ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪੰਜਾਬੀ ਪ੍ਰੋਫ਼ੈਸਰ ਡਾ. ਮਨਜੀਤ ਕੌਰ ਆਜ਼ਾਦ ਅਤੇ ਇਤਿਹਾਸ ਦੇ ਪ੍ਰੋਫ਼ੈਸਰ ਪ੍ਰੋ. ਲਕਸ਼ਮਿੰਦਰ ਸ਼ਾਮਲ ਸਨ।
ਕਾਲਜ ਪ੍ਰਬੰਧਕੀ ਕਮੇਟੀ ਨੇ ਇਸ ਕਾਰਵਾਈ ਦਾ ਕਾਰਨ ਵਿਦਿਆਰਥੀਆਂ ਦੀ ਘਾਟ ਦੱਸਿਆ ਸੀ। ਇਸ ਫ਼ੈਸਲੇ ਵਿਰੁੱਧ ਪ੍ਰੋਫ਼ੈਸਰਾਂ ਨੇ ਲੰਮਾ ਸੰਘਰਸ਼ ਕੀਤਾ ਅਤੇ ਆਖ਼ਰਕਾਰ ਉਨ੍ਹਾਂ ਨੂੰ ਮੁੜ ਨੌਕਰੀ 'ਤੇ ਬਹਾਲ ਕਰ ਲਿਆ ਗਿਆ ਪਰ ਇਸ ਕਹਾਣੀ ਵਿੱਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਬਹਾਲੀ ਤੋਂ ਬਾਅਦ ਵੀ ਇਨ੍ਹਾਂ ਪ੍ਰੋਫ਼ੈਸਰਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ।