ਡੀਸੀ ਤੇ ਐੱਸਐੱਸਪੀ ਨੇ ਬੱਚਿਆਂ ਨਾਲ ਸਾਂਝੇ ਕੀਤੇ ਤਜਰਬੇ
ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਜੂਨ
ਸੂਬਾ ਸਰਕਾਰ ਦੀ ‘ਇੱਕ ਦਿਨ, ਡੀਸੀ, ਐੱਸਐੱਸਪੀ ਦੇ ਸੰਗ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਨੇ ਡਿਪਟੀ ਕਮਿਸਨਰ ਸਾਗਰ ਸੇਤੀਆ ਅਤੇ ਐਸਐੱਸਪੀ ਅਜੈ ਗਾਂਧੀ ਨਾਲ ਪੂਰਾ ਦਿਨ ਬਿਤਾਇਆ। ਇਸ ਮੌਕੇ ਜਿਥੇ ਹੋਣਹਾਰ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਖੰਭ ਲੱਗੇ ਉਥੇ ਅਧਿਕਾਰੀਆਂ ਨੇ ਆਪਣੀ ਸਫ਼ਲਤਾਂ ਦੇ ਤਜਰਬੇ ਸਾਂਝੇ ਕੀਤੇ।
ਇਸ ਮੌਕੇ 10ਵੀਂ ਜਮਾਤ ਦੇ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਦੀ ਸੁਹਾਨਾ ਸ਼ਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਟੀਬੀਗੜ੍ਹ ਦੇ ਅਨਮੋਲਦੀਪ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਾਲਾ ਦੀ ਅਰਚਨਾ, 12ਵੀਂ ਜਮਾਤ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕਲੂ ਸਮਾਧ ਭਾਈ ਦੀ ਜਸਮੀਨ ਬਾਂਸਲ ਅਤੇ ਰਾਜਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਦੀ ਮੰਨਤ ਦੀਪ ਮੀਹਾਨ ਨੇ ਡੀਸੀ ਤੇ ਐੱਸਐੱਸਪੀ ਨਾਲ ਸਿਵਲ ਤੇ ਪੁਲੀਸ ਦੇ ਕੰਮਕਾਰ ਸਬੰਧੀ ਜਾਣਕਾਰੀ ਹਾਸਲ ਕੀਤੀ। ਡੀਸੀ ਸਾਗਰ ਸੇਤੀਆ ਨੇ ਆਈਏਐੱਸ ਅਤੇ ਐੈੱਸਐੱਸਪੀ ਅਜੈ ਗਾਂਧੀ ਨੇ ਆਈਪੀਐੱਸ ਅਧਿਕਾਰੀ ਬਣਨ ਤੱਕ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਭਾਰਤ ਦੀਆਂ ਸਭ ਤੋਂ ਵੱਕਾਰੀ ਸੇਵਾਵਾਂ ’ਚੋਂ ਇਕ ਸੇਵਾ ਕਰਨ ਲਈ ਲੋੜੀਂਦੀਆਂ ਚੁਣੌਤੀਆਂ, ਸਮਰਪਣ ਅਤੇ ਜਨੂੰਨ ਸਬੰਧੀ ਦੱਸਿਆ। ਦੋਵਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਯੂਪੀਐੱਸਸੀ ਪ੍ਰੀਖਿਆ ਦੀ ਤਿਆਰੀ, ਆਪਣੇ ਕਰੀਅਰ ਅਤੇ ਤਜਰਬੇ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਆਪਣੀ ਸਵੈ ਇੱਛਾ ਨਾਲ ਹੀ ਆਪਣੇ ਕਰੀਅਰ ਦੀ ਚੋਣ ਕਰਨ। ਉਨ੍ਹਾਂ ਵਿਦਿਆਰਥੀਆਂ ਨਾਲ ਆਏ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਦਬਾਅ ਤੋਂ ਆਪਣਾ ਕਰੀਅਰ ਚੁਣਨ ਦਾ ਮੌਕਾ ਦੇਣ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲੀਸ ਲਾਈਨ, ਸਾਈਬਰ ਸੈੱਲ, ਪੁਲੀਸ ਕੰਟਰੋਲ ਰੂਮ, ਸਾਂਝ ਕੇਂਦਰ, ਜ਼ਿਲ੍ਹਾ ਸਿੱਖਿਆ ਦਫਤਰ, ਰੁਜ਼ਗਾਰ ਬਿਊਰੋ ਮੋਗਾ ਦਾ ਦੌਰਾ ਕਰਵਾਇਆ ਗਿਆ।