ਹਸਪਤਾਲ ਸੁਧਾਰ ਕਮੇਟੀ ਵੱਲੋਂ ਡਾਕਟਰਾਂ ਦੀ ਘਾਟ ਪੂਰੀ ਕਰਨ ਦੀ ਮੰਗ
ਪੱਤਰ ਪ੍ਰੇਰਕ
ਮਾਨਸਾ, 3 ਜੂਨ
ਹਸਪਤਾਲ ਸੁਧਾਰ ਕਮੇਟੀ ਮਾਨਸਾ ਦੇ ਪ੍ਰਧਾਨ ਮੇਜਰ ਸਿੰਘ ਗਿੱਲ ਅਤੇ ਰਾਜਵਿੰਦਰ ਰਾਣਾ ਦੀ ਅਗਵਾਈ ਵਿੱਚ ਇੱਕ ਵਫ਼ਦ ਸਥਾਨਕ ਸਰਕਾਰੀ ਜ਼ਿਲ੍ਹਾ ਹਸਪਤਾਲ ਦੀ ਐੱਸਐੱਮਓ ਡਾ.ਬਲਜੀਤ ਕੌਰ ਨੂੰ ਮਿਲਿਆ। ਵਫ਼ਦ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਦੀ ਕਾਫੀ ਘਾਟ ਹੈ, ਸੋ ਕਮੇਟੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਡਾਕਟਰਾਂ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਕਿ ਇੱਥੇ ਆਉਣ ਵਾਲੇ ਮਰੀਜ਼ਾਂ ਦਾ ਸਹੀ ਇਲਾਜ ਹੋ ਸਕੇ।
ਵਫ਼ਦ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ ਪਬਲਿਕ ਪ੍ਰਾਈਵੇਟ ਭਾਈਵਾਲ ਨਾਲ ਚੱਲਣ ਵਾਲੀ ਕਰੱਸ਼ਨਾ ਲੈਬੋਰੇਟਰੀ ਦੀ ਥਾਂ ’ਤੇ ਇੱਥੇ ਪਹਿਲਾਂ ਤੋਂ ਹੀ ਚੱਲ ਰਹੀ ਸਰਕਾਰੀ ਲੈਬਾਰੈਟਰੀ ਨੂੰ ਹਰ ਪੱਖ ਤੋਂ ਵਧੀਆ ਬਣਾਇਆ ਜਾਵੇ ਅਤੇ ਅਜਿਹਾ ਕਰਨ ਨਾਲ ਲੋਕਾਂ ਦੇ ਸਸਤੇ ਰੇਟ ’ਤੇ ਟੈਸਟ ਹੋ ਸਕਣਗੇ।
ਮੀਟਿੰਗ ਦੌਰਾਨ ਤਹਿ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਹਸਪਤਾਲ ਦੀ ਹਰ ਪੱਖੋਂ ਬੇਹਤਰੀ ਲਈ ਦੋਵੇਂ ਧਿਰਾਂ ਮਿਲਕੇ ਯਤਨ ਕਰਨਗੀਆਂ ਤਾਂ ਕਿ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਸਮਸ਼ੇਰ ਸਿੰਘ ਸਰਾਓ, ਮੇਜਰ ਸਿੰਘ ਫੌਜੀ, ਸੁਖਦੇਵ ਸ਼ਰਮਾ, ਬਲਵੰਤ ਸਿੰਘ ਫੱਕਰ, ਮਨੋਜ ਕੁਮਾਰ ਗੋਇਲ, ਰਾਹੁਲ ਕੁਮਾਰ ਵੀ ਮੌਜੂਦ ਸਨ।