Punjab News: ਜੇਲ੍ਹ ਵਿਚ ਪਤੀ ਲਈ ਨਸ਼ੀਲਾ ਪਦਾਰਥ ਲਿਜਾਂਦੀ ਮਹਿਲਾ ਕਾਬੂ
ਪੱਤਰ ਪ੍ਰੇਰਕ
ਬਠਿੰਡਾ, 4 ਜੂਨ
Punjab News: ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਇੱਕ ਕੈਦੀ ਦੀ ਪਤਨੀ ਨੂੰ ਨਸ਼ੀਲਾ ਪਦਾਰਥ ਲਿਜਾਣ ਦੀ ਕੋਸ਼ਿਸ਼ ਕਰਦਿਆਂ ਜੇਲ੍ਹ ਅਮਲੇ ਨੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਾਕਾਤ ਲਈ ਆਈ ਜਸਵੀਰ ਕੌਰ ਨਾਂ ਦੀ ਔਰਤ ਕੋਲੋਂ 40 ਨਸ਼ੀਲੇ ਕੈਪਸੂਲ, 51 ਗ੍ਰਾਮ ਚਿੱਟਾ ਪਾਊਡਰ ਅਤੇ 93 ਗ੍ਰਾਮ ਤਬਾਕੂ ਬਰਾਮਦ ਕੀਤਾ ਗਿਆ ਹੈ। ਇਹ ਸਮਾਨ 12 ਛੋਟੀਆਂ ਪਲਾਸਟਿਕ ਦੀਆਂ ਪਾਈਪਾਂ ਵਿੱਚ ਬੜੀ ਚਾਲਾਕੀ ਨਾਲ ਛੁਪਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਜਸਵੀਰ ਕੌਰ ਦਾ ਪਤੀ ਬਲਜੀਤ ਸਿੰਘ ਵਾਸੀ ਚੰਦ ਭਾਨ (ਬਠਿੰਡਾ), ਇਸ ਵੇਲੇ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਪੁਲੀਸ ਅਨੁਸਾਰ ਨਸ਼ਾ ਲਿਜਾਣ ਦੀ ਯੋਜਨਾ ਵੀ ਉਸੇ ਦੇ ਇਸ਼ਾਰੇ ਤੇ ਬਣਾਈ ਗਈ ਸੀ। ਸਹਾਇਕ ਜੇਲ ਸੁਪਰਡੈਂਟ ਕਰਮਜੀਤ ਸਿੰਘ ਦੀ ਅਗਵਾਈ ’ਚ ਹੋਈ ਸੁਰੱਖਿਆ ਜਾਂਚ ਦੌਰਾਨ ਇਹ ਸਾਰੀ ਘਟਨਾ ਸਾਹਮਣੇ ਆਈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਜੇਲ੍ਹ ਪ੍ਰਸ਼ਾਸਨ ਨੇ ਜਸਵੀਰ ਕੌਰ ਨੂੰ ਬਠਿੰਡਾ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ।
ਪੁਲੀਸ ਵੱਲੋਂ ਜਸਵੀਰ ਕੌਰ ਅਤੇ ਉਸ ਦੇ ਪਤੀ ਬਲਜੀਤ ਸਿੰਘ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।