ਵਕੀਲਾਂ ਦੇ ਚੈਂਬਰ ਹਟਾਉਣ ਦਾ ਮਾਮਲਾ: ਵਕੀਲ ਅਤੇ ਤਹਿਸੀਲਦਾਰ ਆਹਮੋ-ਸਾਹਮਣੇ
06:53 AM Apr 26, 2025 IST
ਜਗਤਾਰ ਸਮਾਲਸਰ
ਏਲਨਾਬਾਦ, 25 ਅਪਰੈਲ
ਏਲਨਾਬਾਦ ਕੋਰਟ ਕੰਪਲੈਕਸ ਵਿੱਚ ਵਕੀਲਾਂ ਵੱਲੋਂ ਸਰਕਾਰੀ ਜਗ੍ਹਾਂ ਵਿੱਚ ਲਗਾਏ ਗਏ ਚੈਂਬਰ ਹਟਾਉਣ ਲਈ ਭਾਰੀ ਪੁਲੀਸ ਬਲ ਅਤੇ ਜੇਸੀਬੀ ਮਸ਼ੀਨ ਲੈ ਕੇ ਪਹੁੰਚੇ ਤਹਿਸੀਲਦਾਰ ਰਵਿੰਦਰ ਸਿੰਘ ਮਲਿਕ ਅਤੇ ਵਕੀਲਾਂ ਵਿਚਕਾਰ ਕਾਫ਼ੀ ਬਹਿਸ ਹੋ ਗਈ ਅਤੇ ਵਕੀਲਾਂ ਨੇ ਪ੍ਰਸ਼ਾਸਨ ਕੋਲੋਂ ਸੱਤ ਦਿਨ ਦੇ ਅੰਦਰ-ਅੰਦਰ ਇਹ ਚੈਂਬਰ ਹਟਾਏ ਜਾਣ ਦਾ ਸਮਾਂ ਮੰਗਿਆ। ਸਥਾਨਿਕ ਬਾਰ ਐਸੋਸੀਏਸ਼ਨ ਨੇ ਪ੍ਰਧਾਨ ਬਲਰਾਜ ਸਿੰਘ ਖੋਸਾ,ਗੁਰਮੀਤ ਸਿੰਘ ਵੜੈਚ,ਸ੍ਰੀਕਾਂਤ ਥੇਪੜਾ ਸਹਿਤ ਵਕੀਲਾਂ ਨੇ ਕਿਹਾ ਕਿ ਤਹਿਸੀਲਦਾਰ ਬਿਨਾਂ ਕੋਈ ਨੋਟਿਸ ਦਿੱਤਿਆ ਹੀ ਭਾਰੀ ਪੁਲੀਸ ਬਲ ਲੈ ਕੇ ਚੈਂਬਰ ਤੋੜਨ ਦੀ ਕਾਰਵਾਈ ਕਰਨ ਲਈ ਇੱਥੇ ਪਹੁੰਚ ਗਏ ਹਨ ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਬਰਦਸਤੀ ਇਹ ਚੈਂਬਰ ਤੋੜਨ ਦੀ ਕਾਰਵਾਈ ਕੀਤੀ ਤਾਂ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਵਕੀਲਾਂ ਅਤੇ ਤਹਿਸੀਲਦਾਰ ਵਿਚਕਾਰ ਮਾਮਲਾ ਕਾਫ਼ੀ ਗਰਮ ਹੋ ਗਿਆ ਅਤੇ ਵਕੀਲਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਕਾਰਵਾਈ ਨੂੰ ਤੁਗਲਕੀ ਫੁਰਮਾਨ ਕਰਾਰ ਦਿੱਤਾ। ਇਸ ਮੌਕੇ ਥਾਣਾ ਇੰਚਾਰਜ ਸੁਰਿੰਦਰ ਕੁਮਾਰ ਨੇ ਵਕੀਲਾਂ ਨੂੰ ਇਹ ਸਰਕਾਰੀ ਜਗ੍ਹਾਂ ਅਗਾਮੀ ਸੱਤ ਦਿਨ ਦੇ ਅੰਦਰ-ਅੰਦਰ ਖਾਲੀ ਕਰਨ ਦੇ ਆਦੇਸ਼ ਦਿੱਤੇ। ਜਿਸਤੇ ਦੋਨਾਂ ਪੱਖਾਂ ਵਿਚਕਾਰ ਸਹਿਮਤੀ ਬਣ ਗਈ।
ਨਾਜਾਇਜ਼ ਤਰੀਕੇ ਸਥਾਪਿਤ ਚੈਂਬਰਾਂ ਨੂੰ ਤੋੜਨ ਦਾ ਹੁਕਮ ਪ੍ਰਾਪਤ ਹੋਇਐ: ਤਹਿਸੀਲਦਾਰ
ਤਹਿਸੀਲਦਾਰ ਰਵਿੰਦਰ ਸਿੰਘ ਮਲਿਕ ਨੇ ਕਿਹਾ ਕਿ ਏਲਨਾਬਾਦ ਅਦਾਲਤ ਦੁਆਰਾ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕੀ ਕੁਝ ਵਕੀਲਾਂ ਨੇ ਗਲਤ ਤਰੀਕੇ ਨਾਲ ਪਾਰਕ ਦੀ ਜਗ੍ਹਾਂ ’ਤੇ ਆਪਣੀਆਂ ਸੀਟਾਂ ਲਗਾ ਲਈਆਂ ਹਨ। ਮੌਕਾ ਵੇਖਿਆ ਗਿਆ ਅਤੇ ਇਹ ਸਾਬਤ ਹੋ ਗਿਆ ਕਿ ਇਹ ਸੀਟਾਂ ਗਲਤ ਹਨ ਫਿਰ ਸਥਾਨਕ ਅਦਾਲਤ ਨੂੰ ਮੌਕਾ ਰਿਪੋਰਟ ਸੌਂਪੀ ਗਈ। ਉਸ ਤੋਂ ਬਾਅਦ ਅਦਾਲਤ ਵੱਲੋਂ ਇੱਥੇ ਨਾਜਾਇਜ਼ ਰੂਪ ਵਿੱਚ ਸਥਾਪਿਤ ਕੀਤੇ ਗਏ ਚੈਂਬਰਾਂ ਨੂੰ ਤੋੜਨ ਦਾ ਆਦੇਸ਼ ਪ੍ਰਾਪਤ ਹੋਇਆ। ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਹ ਇਹ ਕਾਰਵਾਈ ਕਰਨ ਲਈ ਪਹੁੰਚੇ ਸਨ ਪਰ ਅੱਜ ਦੀ ਕਾਰਵਾਈ ਮਗਰੋਂ ਸਾਰੇ ਵਕੀਲਾਂ ਨੇ ਸੱਤ ਦਿਨ ਦਾ ਸਮਾਂ ਮੰਗਿਆ ਹੈ ਅਤੇ ਇਨ੍ਹਾਂ ਚੈਂਬਰਾਂ ਨੂੰ ਖੁਦ ਹਟਾਏ ਜਾਣ ਦਾ ਭਰੋਸਾ ਦਿੱਤਾ ਹੈ।
Advertisement
Advertisement