ਬਠਿੰਡਾ ਨਿਗਮ: ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਅਹੁਦੇ ਤੋਂ ਲਾਂਭੇ
ਮਨੋਜ ਸ਼ਰਮਾ
ਬਠਿੰਡਾ, 2 ਮਈ
ਇਥੇ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਖ਼ਿਲਾਫ਼ ਬੇ-ਭਰੋਸਗੀ ਮਤਾ ਪਾਸ ਕਰ ਕੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਇਸ ਹਾਊਸ ਮੀਟਿੰਗ ਦੌਰਾਨ ਕਾਂਗਰਸ ਪਛੜੀ ਨਜ਼ਰ ਆਈ। ਮੇਅਰ ਪਦਮਜੀਤ ਸਿੰਘ ਮਹਿਤਾ ਧੜੇ ਵੱਲੋਂ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਵਿਰੁੱਧ ਲਿਆਂਦੇ ਬੇ-ਭਰੋਸਗੀ ਮਤੇ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿੱਚ ਇਹ ਅਹੁਦਾ ‘ਆਪ’ ਦੇ ਹੱਥ ਆ ਸਕਦਾ ਹੈ।
ਅੱਜ ਨਗਰ ਨਿਗਮ ਦੀ ਮੀਟਿੰਗ ’ਚ ਕੁੱਲ 40 ਕੌਂਸਲਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 30 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਅਸ਼ੋਕ ਪ੍ਰਧਾਨ ਵਿਰੁੱਧ ਵੋਟ ਪਾਈ ਜਦਕਿ ਉਨ੍ਹਾਂ ਦੇ ਹੱਕ ਵਿੱਚ ਸਿਰਫ 10 ਕੌਂਸਲਰਾਂ ਨੇ ਹੀ ਹਾਮੀ ਭਰੀ। ਇਸ ਦੌਰਾਨ ਅਸ਼ੋਕ ਕੁਮਾਰ ਦੇ ਨਜ਼ਦੀਕੀ ਵੀ ਉਨ੍ਹਾਂ ਦੇ ਖ਼ਿਲਾਫ਼ ਭੁਗਤੇ। ਇਸ ਤੋਂ ਇਲਾਵਾ ਕਾਂਗਰਸ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਸਮੇਤ ਕਿਸੇ ਸਮੇਂ ਮੇਅਰ ਦੀ ਕੁਰਸੀ ਦੇ ਦਾਅਵੇਦਾਰ ਰਹੇ ਕਾਂਗਰਸੀ ਆਗੂ ਪਵਨ ਮਾਨੀ ਦੀ ਪਤਨੀ ਪ੍ਰਵੀਨ ਗਰਗ ਸਣੇ 10 ਕੌਂਸਲਰ ਗੈਰ-ਹਾਜ਼ਰ ਰਹੇ, ਜਿਨ੍ਹਾਂ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਹਮਾਇਤੀ ਕੌਂਸਲਰ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਕਾਂਗਰਸ ਦੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਨੂੰ ਆਪਣੀ ਕੁਰਸੀ ਗੁਆਉਣੀ ਪਈ ਸੀ। ਜਾਣਕਾਰੀ ਅਨੁਸਾਰ ਇੱਕ ਸਮਾਂ ਜਦੋਂ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਰਮਨ ਗੋਇਲ ਦੇ ਸਿਰ ਨਿਗਮ ਦੀ ਮੇਅਰ ਦਾ ਤਾਜ ਸਜਾਇਆ ਸੀ ਪਰ ਮਨਪ੍ਰੀਤ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦਾ ਨਿਗਮ ’ਚੋਂ ਪਤਨ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਕਾਂਗਰਸੀ ਕੌਂਸਲਰਾਂ ਨੇ ਮੇਅਰ ਬੀਬੀ ਰਮਨ ਗੋਇਲ ਨੂੰ ਕੁਰਸੀ ਤੋਂ ਲਾਹਿਆ। ਸਾਲ 2021 ਵਿੱਚ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ 43 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ ਸੀ ਪਰ ਧੜੇਬੰਦੀ ਕਾਰਨ ਕਾਂਗਰਸ ਨੇ ਨਿਗਮ ’ਚ ਸਾਰੇ ਅਹੁਦੇ ਗੁਆ ਦਿੱਤੇ ਹਨ। ਅੱਜ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈ ਜੀਤ ਸਿੰਘ ਜੌਹਲ ਨੇ ਸੋਸ਼ਲ ਮੀਡੀਆ ’ਤੇ ਕਾਂਗਰਸ ਵਿਰੁੱਧ ਭੜਾਸ ਕੱਢੀ।