ਸਿਰਸਾ ’ਚ ਨੀਟ ਦੀ ਪ੍ਰੀਖਿਆ ਭਲਕੇ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਮਈ
ਸਿਰਸਾ ਜ਼ਿਲ੍ਹੇ ਵਿੱਚ 4 ਮਈ ਨੂੰ ਨੀਟ ਦੀ ਪ੍ਰੀਖਿਆ ਹੋਵੇਗੀ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ਼ਾਂਤਨੂ ਸ਼ਰਮਾ ਨੇ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ 4 ਮਈ ਨੂੰ ਪ੍ਰੀਖਿਆ ਕੇਂਦਰ ਦੇ 200 ਮੀਟਰ ਦੇ ਅੰਦਰ ਹਥਿਆਰ ਲੈ ਕੇ ਜਾਣਾ ਅਤੇ ਪਛਾਣ ਪੱਤਰ ਤੋਂ ਬਿਨਾਂ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਦੇ ਦਾਖਲੇ ਦੀ ਮਨਾਹੀ ਹੋਵੇਗੀ। ਪ੍ਰੀਖਿਆ ਕੇਂਦਰਾਂ ਦੇ 500 ਮੀਟਰ ਦੇ ਅੰਦਰ ਫੋਟੋਕਾਪੀ ਦੀਆਂ ਦੁਕਾਨਾਂ ਅਤੇ ਕੋਚਿੰਗ ਸੈਂਟਰ ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਦੇ 200 ਮੀਟਰ ਦੇ ਅੰਦਰ ਵਾਹਨ ਪਾਰਕਿੰਗ ’ਤੇ ਵੀ ਪਾਬੰਦੀ ਹੋਵੇਗੀ। ਸਾਰੇ ਪ੍ਰੀਖਿਆ ਕੇਂਦਰਾਂ ’ਤੇ ਹਰ ਤਰ੍ਹਾਂ ਦੇ ਯੰਤਰਾਂ, ਗੈਜੇਟਸ, ਮੋਬਾਈਲ ਫੋਨ ਆਦਿ ਦੀ ਵਰਤੋਂ ’ਤੇ ਵੀ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਦੇ 200 ਮੀਟਰ ਦੇ ਘੇਰੇ ਵਿੱਚ ਲਾਊਡਸਪੀਕਰਾਂ ਦੀ ਵਰਤੋਂ ਦੀ ਵੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸਿਰਸਾ ਦੇ ਪੰਜ ਪ੍ਰੀਖਿਆ ਕੇਂਦਰਾਂ ’ਤੇ 4 ਮਈ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਲਈ ਕੁੱਲ 2038 ਉਮੀਦਵਾਰ ਬੈਠਣਗੇ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਜਦੋਂ ਕਿ ਅਪਾਹਜ ਉਮੀਦਵਾਰਾਂ ਲਈ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।