ਸਿਰਸਾ: ਦਰਜਨਾਂ ਪਿੰਡਾਂ ਦੇ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ
ਪ੍ਰਭੂ ਦਿਆਲ
ਸਿਰਸਾ, 3 ਜੂਨ
ਹਰਿਆਣਾ ਸਰਕਾਰ ਦੇ ਹਰ ਘਰ ਤੱਕ ਸਾਫ ਪੀਣ ਦਾ ਪਾਣੀ ਮੁਹੱਈਆ ਕਰਵਾਏ ਜਾਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਪਿੰਡਾਂ ਦੇ ਲੋਕ ਮਹਿੰਗੇ ਭਾਅ ਦੇ ਪਾਣੀ ਦੇ ਕੈਂਟਰ ਮੰਗਵਾਉਣ ਲਈ ਮਜਬੂਰ ਹੋ ਰਹੇ ਹਨ। ਪੀਣ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਅੱਧੀ ਦਰਜਨ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਤੇ ਸਾਫ ਪੀਣ ਦੇ ਪਾਣੀ ਦੀ ਮੰਗ ਕੀਤੀ।
ਮਿਨੀ ਸਕੱਤਰੇਤ ’ਚ ਡਿਪਟੀ ਕਮਿਸ਼ਰ ਨੂੰ ਮੰਗ ਪੱਤਰ ਦੇਣ ਆਏ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਪੀਣ ਦੇ ਸਾਫ ਪਾਣੀ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੰਮੜ ਮਾਈਨਰ ਸਮੇਤ ਦਰਜਨਾਂ ਨਹਿਰਾਂ ’ਚ ਪਾਣੀ ਨਹੀਂ ਹੈ। ਜਿਹੜੀਆਂ ਨਹਿਰਾਂ ’ਚ ਪਾਣੀ ਹੈ, ਉਹ ਟੇਲਾਂ ਤੱਕ ਪਹੁੰਚ ਨਹੀਂ ਰਿਹਾ। ਪਿੰਡਾਂ ’ਚ ਬਣੇ ਵਾਟਰ ਵਰਕਸ ਦੇ ਟੈਂਕ ਸੁੱਕੇ ਪਏ ਹਨ। ਲੋਕਾਂ ਨੇ ਦੱਸਿਆ ਕਿ ਉਹ ਪੀਣ ਦਾ ਪਾਣੀ ਟੈਕਰਾਂ ਰਾਹੀਂ ਮੰਗਵਾਉਣ ਲਈ ਮਜ਼ਬੂਰ ਹੋ ਰਹੇ ਹਨ। ਜਿਹੜੇ ਲੋਕ ਟੈਂਕਰਾਂ ਰਾਹੀਂ ਪਾਣੀ ਨਹੀਂ ਮੰਗਵਾ ਸਕਦੇ ਉਹ ਟਿਊਬਵੈੱਲਾਂ ਦਾ ਖਰਾਬ ਪਾਣੀ ਪੀਣ ਲਈ ਮਜ਼ਬੂਰ ਹੋ ਰਹੇ ਹਨ। ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦ ਪੀਣ ਦੇ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਹ ਸੜਕਾਂ ’ਤੇ ਉਤਰਣ ਲਈ ਮਜ਼ਬੂਰ ਹੋਣਗੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਪਿੰਡਾਂ ’ਚ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਵੇਗਾ।