ਸ਼ੇਰਾਂਵਾਲੀ ਮਾਈਨਰ ’ਚ ਪਾੜ ਕਾਰਨ ਖੇਤਾਂ ’ਚ ਭਰਿਆ ਪਾਣੀ
ਪ੍ਰਭੂ ਦਿਆਲ
ਸਿਰਸਾ, 2 ਮਈ
ਇਥੋਂ ਦੀ ਸ਼ੇਰਾਂਵਾਲੀ ਮਾਈਨਰ ’ਚ ਪਾੜ ਪੈਣ ਨਾਲ ਖੇਤਾਂ ’ਚ ਪਾਣੀ ਭਰ ਗਿਆ। ਨਹਿਰ ’ਚ 24 ਘੰਟੇ ਪਹਿਲਾਂ ਹੀ ਪਾਣੀ ਛੱਡਿਆ ਗਿਆ ਸੀ। ਨਹਿਰ ਟੁੱਟਣ ਦੀ ਸੂਚਨਾ ਮਿਲਣ ਮਗਰੋਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਹਿਰ ਪਿਛੋਂ ਬੰਦ ਕਰਵਾ ਕੇ ਪਏ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ। ਪਿੰਡਾਂ ਦੇ ਲੋਕਾਂ ਨੇ ਨਹਿਰ ਦੀ ਉਸਾਰੀ ’ਚ ਘੱਟੀਆ ਸਮਗਰੀ ਦੀ ਵਰਤੋਂ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਲੰਘੀ ਰਾਤ ਆਏ ਤੇਜ਼ ਝੱਖੜ ਕਾਰਨ ਰੁੱਖ ਟੁੱਟ ਕੇ ’ਚ ਡਿੱਗਣ ਕਾਰਨ ਨਹਿਰ ਟੁੱਟਣ ਦਾ ਕਾਰਨ ਦੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰਾਂਵਾਲੀ ਮਾਈਨਰ ’ਚ ਬੀਤੇ ਕੱਲ੍ਹ ਪਾਣੀ ਛੱਡਿਆ ਗਿਆ ਸੀ। ਦੱਸਿਆ ਗਿਆ ਹੈ ਕਿ ਲੰਘੀ ਦੇਰ ਰਾਤ ਨਹਿਰ ’ਚ ਪਾੜ ਪੈਣ ਨਾਲ ਖੇਤਾਂ ’ਚ ਪਾਣੀ ਭਰ ਗਿਆ। ਪਿੰਡ ਮੱਲੇਕਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਸ਼ੇਰਾਂਵਾਲੀ ਨਹਿਰ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਗਈ ਹੈ। ਨਹਿਰ ਦੀ ਉਸਾਰੀ ’ਚ ਹੇਠਲੇ ਪੱਧਰ ਦਾ ਮਟੀਰੀਅਲ ਲਾਇਆ ਗਿਆ ਹੈ, ਜਿਸ ਕਾਰਨ ਨਹਿਰ ’ਚ ਪਾੜ ਪਿਆ ਹੈ। ਜਦੋਂਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਘੀ ਰਾਤ ਆਏ ਤੇਜ਼ ਝੱਖੜ ਕਾਰਨ ਰੁੱਖ ਟੁੱਟ ਕੇ ਨਹਿਰ ’ਚ ਡਿੱਗ ਪਏ ਜਿਸ ਕਾਰਨ ਪਾਣੀ ਉਵਰਫੈਲੋ ਹੋ ਗਿਆ ਤੇ ਨਹਿਰ ’ਚ ਪਾੜ ਪੈ ਗਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਨਹਿਰ ਦਾ ਪਾਣੀ ਪਿਛੋਂ ਬੰਦ ਕਰਕੇ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ।