ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੌਸਮ ਦਾ ਮਿਜ਼ਾਜ: ਮੀਂਹ ਕਾਰਨ ਮੰਡੀਆਂ ’ਚ ਕਣਕ ਭਿੱਜੀ

06:01 AM May 03, 2025 IST
featuredImage featuredImage
ਪਿੰਡ ਠੂਠਿਆਂਵਾਲੀ ਦੇ ਖਰੀਦ ਕੇਂਦਰ ’ਚ ਮੀਂਹ ਨਾਲ ਭਿੱਜੀ ਕਣਕ ਨੂੰ ਸੁਕਾਉਂਦਾ ਹੋਇਆ ਕਾਮਾ। -ਫੋਟੋ: ਪੰਜਾਬੀ ਟ੍ਰਿਬਿਊਨ

ਜੋਗਿੰਦਰ ਸਿੰਘ ਮਾਨ
ਮਾਨਸਾ, 2 ਮਈ
ਮਾਲਵੇ ’ਚ ਅੱਜ ਤੜਕਸਾਰ ਅਚਾਨਕ ਮੌਸਮ ਦਾ ਮਿਜ਼ਾਜ ਬਦਲਣ ਕਾਰਨ ਆਏ ਝੱਖੜ ਤੇ ਮੀਂਹ ਕਾਰਨ ਮੰਡੀਆਂ ਵਿੱਚ ਪਈ ਕਣਕ ਭਿੱਜ ਗਈ, ਜਿਸ ਕਾਰਨ ਖ਼ਰੀਦ ਦਾ ਕੰਮ ਪ੍ਰਭਾਵਿਤ ਹੋਇਆ। ਦੂਜੇ ਪਾਸੇ ਖੇਤਾਂ ’ਚ ਕਣਕ ਦਾ ਨਾੜ ਗਿੱਲਾ ਹੋ ਗਿਆ ਜਿਸ ਕਾਰਨ ਤੂੜੀ ਬਣਾਉਣ ਦਾ ਕੰਮ ਬੰਦ ਹੋ ਗਿਆ ਹੈ। ਮੌਸਮ ਮਹਿਕਮੇ ਨੇ ਅਗਲੇ ਤਿੰਨ ਦਿਨ ਹੋਰ ਮੌਸਮ ਮੀਂਹ ਵਾਲਾ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੰਡੀਆਂ ਵਿੱਚ ਤੁਲਾਈ ਦੇ ਨਾਲ-ਨਾਲ ਝਰਾਈ ਤੇ ਲਦਾਈ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ। ਦੂਜੇ ਪਾਸੇ ਮੀਂਹ ਕਾਰਨ ਲਗਾਤਾਰ ਵੱਧ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਵੇਰਵਿਆਂ ਮੁਤਾਬਕ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਧੀ ਰਾਤ ਤੇ ਤੜਕਸਾਰ ਆਏ ਝੱਖੜ ਕਾਰਨ ਖਰੀਦ ਕੇਂਦਰਾਂ ’ਚ ਪਈਆਂ ਕਣਕ ਦੀਆਂ ਢੇਰੀਆਂ ਤੇ ਖਰੀਦ ਕੀਤੀ ਹੋਈ ਕਣਕ ਭਿੱਜ ਗਈ। ਕਿਸੇ ਵੀ ਖਰੀਦ ਕੇਂਦਰ ਵਿੱਚ ਕਣਕ ਢੱਕਣ ਲਈ ਤਰਪਾਲਾਂ ਦਾ ਪ੍ਰਬੰਧ ਨਹੀਂ ਸੀ। ਕੁਝ ਥਾਵਾਂ ’ਤੇ ਕਿਸਾਨਾਂ ਨੇ ਆਪਣੀਆਂ ਪੱਲੀਆਂ ਨਾਲ ਕਣਕ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ ਕੀਤੀ ਪਰ ਝੱਖੜ ਨੇ ਪੱਲੀਆਂ ਨੂੰ ਉਡਾ ਦਿੱਤੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਵੱਲੋਂ ਅਗਲੇ 3 ਦਿਨਾਂ ਤੱਕ ਰਾਜ ਵਿਚ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਪੰਜਾਬ ਵਿੱਚ ਅਜਿਹਾ ਮੌਸਮ ਜਾਰੀ ਰਹਿੰਦਾ ਹੈ ਤਾਂ ਮੰਡੀਆਂ ਵਿੱਚ ਪਈ ਕਣਕ ਦੀ ਖਰੀਦ ਦਾ ਕਾਰਜ ਹੋਰ ਲਮਕ ਜਾਣ ਦਾ ਖ਼ਦਸ਼ਾ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਝੱਖੜ ਤੇ ਮੀਂਹ ਕਾਰਨ ਸ਼ਹਿਣਾ ਮੰਡੀ ’ਚ ਕਣਕ ਦੀ 40 ਹਜ਼ਾਰ ਬੋਰੀ ਭਿੱਜ ਗਈ ਅਤੇ ਹੁਣ ਉਸ ਨੂੰ ਦੁਬਾਰਾ ਤੋਂ ਸੁਕਾ ਕੇ ਭਰਨਾ ਪਵੇਗਾ। ਕਰੀਬ 40 ਹਜ਼ਾਰ ਬੋਰੀ ਖੁੱਲ੍ਹੇ ਆਸਮਾਨ ਹੇਠ ਪਈ ਸੀ। ਆੜ੍ਹਤੀ ਅਸ਼ੋਕ ਕੁਮਾਰ ਗਰੋਵਰ ਨੇ ਦੱਸਿਆ ਕਿ ਤ੍ਰਿਪਾਲਾਂ ਆਦਿ ਦੇ ਪ੍ਰਬੰਧ ਸਨ ਪ੍ਰੰਤੂ ਤੇਜ਼ ਹਨੇਰੀ ਕਾਰਨ ਤ੍ਰਿਪਾਲਾਂ ਉੱਡ ਗਈਆਂ ਅਤੇ ਮੀਂਹ ਕਾਰਨ ਬੋਰੀਆਂ ਭਿੱਜ ਗਈਆਂ। ਉਂਝ ਮੰਡੀ ’ਚ ਨਵੀਂ ਕਣਕ ਨਹੀਂ ਆ ਰਹੀ ਹੈ ਅਤੇ ਇੱਕ-ਦੁੱਕਾ ਢੇਰੀਆਂ ਹੀ ਪਈਆਂ ਹਨ। ਮੰਡੀ ਨੂੰ ਜਾਣ ਵਾਲੇ ਰਸਤੇ ਪੂਰੇ ਖ਼ਰਾਬ ਹੋ ਗਏ। ਮਾਰਕਫੈੱਡ ਦੇ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਮੀਂਹ ਆਦਿ ਕਾਰਨ 40 ਹਜ਼ਾਰ ਦੇ ਕਰੀਬ ਬੋਰੀ ਭਿੱਜ ਗਈ ਹੈ। 2-4 ਦਿਨ ਕੰਮ ਲੇਟ ਹੋ ਸਕਦਾ ਹੈ। ਦੂਸਰੇ ਪਾਸੇ ਮੀਂਹ ਝੱਖੜ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਕੋਟਕਪੂਰਾ (ਪੱਤਰ ਪ੍ਰੇਰਕ): ਝੱਖੜ ਕਾਰਨ ਬਿਜਲੀ ਦੀਆਂ ਤਾਰਾਂ ਭਿੜਨ ਕਾਰਨ ਇਥੋਂ ਦੀ ਮਾਲ ਗੋਦਾਮ ਰੋਡ ’ਤੇ ਸਥਿਤ ਸਬਜ਼ੀ ਵਾਲੀਆਂ ਦੁਕਾਨਾਂ ਨੂੰ ਅੱਗ ਲੱਗ ਗਈ। ਇਨ੍ਹਾਂ ਵਿਚੋਂ 5 ਦੁਕਾਨਾਂ ਦੇ ਸ਼ੈੱਡ, ਰੇਹੜੀਆਂ ਅਤੇ ਕਾਊਂਟਰ ਸਮੇਤ ਹੋਰ ਸਾਮਾਨ ਬੁਰੀ ਤਰ੍ਹਾਂ ਸੜ ਗਿਆ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪਿੰਡ ਪੱਖੀ ਖੁਰਦ ਵਿੱਚ ਦੇਰ ਰਾਤ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਘਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਘਰ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਤੇਜ਼ ਹਨੇਰੀ ਤੋਂ ਬਾਅਦ ਬਾਰਿਸ਼ ਆਈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਘਰ ਉੱਪਰ ਅਸਮਾਨੀ ਬਿਜਲੀ ਡਿੱਗ ਪਈ ਜਿਸ ਨਾਲ ਘਰ ਦੀ ਅੱਧਿਓਂ ਵੱਧ ਇਮਾਰਤ ਢਹਿ-ਢੇਰੀ ਹੋ ਗਈ ਅਤੇ ਘਰ ਅੰਦਰ ਪਿਆ ਬਿਜਲੀ ਦਾ ਸਾਰਾ ਸਮਾਨ ਸੜ ਗਿਆ। ਹਾਲਾਂਕਿ ਇਸ ਅਸਮਾਨੀ ਬਿਜਲੀ ਤੋਂ ਜਾਨੀ ਮਾਲੀ ਨੁਕਸਾਨ ਦੀ ਬਚਤ ਰਹੀ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਜ਼ਿਲ੍ਹੇ ਭਰ ਵਿੱਚੋਂ ਹਨੇਰੀ ਅਤੇ ਮੀਹ ਦੇ ਪ੍ਰਭਾਵਾਂ ਬਾਰੇ ਰਿਪੋਰਟ ਹਾਸਿਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਜਾਂ ਤੇਜ਼ ਹਨੇਰੀ ਕਾਰਨ ਜਿਨਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਦੀ ਭਰਪਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤੇਜ਼ ਹਨੇਰੀ ਕਾਰਨ ਸੜਕਾਂ ਉੱਪਰ ਰੁੱਖ, ਬਿਜਲੀ ਦੇ ਖੰਭੇ ਆਦਿ ਟੁੱਟਣ ਦੀ ਵੀ ਸੂਚਨਾ ਹੈ।

Advertisement

ਸਿਰਸਾ ’ਚ ਮੀਂਹ ਕਾਰਨ ਕਣਕ ਭਿੱਜੀ, ਲੋਕਾਂ ਨੂੰ ਗਰਮੀ ਤੋਂ ਰਾਹਤ
ਸਿਰਸਾ/ਕਾਲਾਂਵਾਲੀ (ਪ੍ਰਭੂ ਦਿਆਲ/ਭੁਪਿੰਦਰ ਪੰਨੀਵਾਲੀਆ): ਲੰਘੀ ਰਾਤ ਤੇਜ਼ ਝੱਖੜ ਮਗਰੋਂ ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਮੰਡੀਆਂ ’ਚ ਪਈ ਹਾਜ਼ਾਰਾਂ ਟਨ ਕਣਕ ਭਿੱਜ ਗਈ ਹੈ। ਮੀਂਹ ਕਾਰਨ ਖੇਤਾਂ ਚੋਂ ਤੂੜੀ ਬਣਾਉਣ ਦਾ ਕੰਮ ਰੁਕ ਗਿਆ ਹੈ। ਸ਼ਹਿਰੀ ਖੇਤਰਾਂ ਚੋਂ ਮੀਂਹ ਦੇ ਪਾਣੀ ਦੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਲੰਘੀ ਰਾਤ ਤੇਜ਼ ਝੱਖੜ ਮਗਰੋਂ ਸਿਰਸਾ ਖੇਤਰ ’ਚ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੰਡੀਆਂ ’ਚ ਖੁਲ੍ਹੇ ਅਸਮਾਨ ਹੇਠ ਪਈ ਹਾਜ਼ਾਰਾਂ ਟਨ ਕਣਕ ਭਿੱਜ ਗਈ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਹਿਰੀ ਖੇਤਰ ਦੀਆਂ ਸੜਕਾਂ, ਗਲੀਆਂ ਪਾਣੀ ਨਾਲ ਭਰ ਗਈਆਂ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਸਿਰਸਾ ਸ਼ਹਿਰ ਦੇ ਜਨਤਾ ਭਵਨ ਰੋੜ, ਬਰਨਾਲਾ ਰੋਡ ਸਥਿਤ ਬਾਲ ਭਵਨ, ਮਹਿਲਾ ਕਾਲਜ, ਬੱਸ ਅੱਡਾ, ਹਿਸਾਰ ਰੋਡ ਹੁੱਡਾ ਚੌਕ ਨੇੜੇ ਸੜਕਾਂ ’ਤੇ ਪਾਣੀ ਭਰਨ ਨਾਲ ਆਵਾਜਾਈ ’ਚ ਕਾਫੀ ਵਿਘਣ ਪਿਆ। ਮੀਂਹ ਨਾਲ ਜਿਥੇ ਤੂੜੀ ਬਣਾਉਣ ਦਾ ਕੰਮ ’ਚ ਰੁਕਾਵਟ ਆਈ ਹੈ ਉਥੇ ਹੀ ਕਈ ਥਾਈਂ ਬੀਜੀਆ ਨਰਮਾ ਵੀ ਕੁਰੰਡ ਹੋਇਆ ਹੈ। ਤੇਜ਼ ਝੱਖੜ ਕਾਰਨ ਕਈ ਰੁੱਖ ਤੇ ਬਿਜਲੀ ਦੇ ਖੰਬੇ ਡਿੱਗਣ ਕਾਰਨ ਕਈ ਪਿੰਡਾਂ ’ਚ ਬਿਜਲੀ ਸਪਲਾਈ ’ਚ ਵੀ ਵਿਘਣ ਪਿਆ ਹੈ।

Advertisement
Advertisement