ਕੇਂਦਰ ਨੇ ਪੰਜਾਬ ਦੇ ਉਦਯੋਗ ਦਾ ਨੁਕਸਾਨ ਕੀਤਾ: ਮੁੰਡੀਆਂ
ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਮਈ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਰਾਜ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਪਿੰਡਾਂ ਦੇ ਵਿੱਚ ਵਿਲੱਖਣ ਸ਼ੁਰੂਆਤ ਕੀਤੀ ਗਈ ਹੈ। ਉਹ ਇਥੇ ਨਸ਼ਾ ਮੁਕਤੀ ਯਾਤਰਾ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਉਨ੍ਹਾਂ ਪਿੰਡਾਂ ਦੇ ਪੰਚ, ਸਰਪੰਚ, ਡਿਫੈਂਸ ਕਮੇਟੀਆਂ ਸਮੇਤ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪਿੰਡਾਂ ਦਾ ਪਹਿਰੇਦਾਰ ਬਣ ਕੇ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਦਾ ਪ੍ਰਣ ਦਿਵਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਹਰਿਆਣਾ ਨੂੰ ਪਾਣੀ ਦੇਣ ਸਬੰਧੀ ਚਾਲਾਂ ਚੱਲੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਗੁਆਂਢੀ ਸੂਬਿਆਂ ਨੂੰ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਦਾ ਨੁਕਸਾਨ ਕੀਤਾ। ਹੁਣ ਰਿਪੇਰੀਅਨ ਸੂਬੇ ਦੇ ਹੱਕਾਂ ਉਤੇ ਡਾਕਾ ਮਾਰਨ ਦੀ ਚਾਲ ਚੱਲਣਾ ਬਹੁਤ ਹੀ ਮੰਦਭਾਗਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਡਟ ਕੇ ਪਹਿਰਾ ਦੇ ਰਹੇ ਹਨ।
ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਰਹਿਤ ਜ਼ਿੰਦਗੀ ਜਿਉਣ ਅਤੇ ਲੋਕ ਭਲਾਈ ਦੇ ਇਸ ਕਾਰਜ ਵਿੱਚ ਹਿੱਸਾ ਲੈ ਕੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਹਿੱਤਾਂ ਲਈ ਤਸਕਰਾਂ ਨੂੰ ਸਿਆਸੀ ਸੁਰੱਖਿਆ ਪ੍ਰਦਾਨ ਕੀਤੀ ਜਿਸ ਨੂੰ ਸੂਬੇ ਦੇ ਲੋਕ-ਭਲੀ ਭਾਂਤ ਜਾਣਦੇ ਹਨ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ, ਡਾ. ਅਮਨਦੀਪ ਕੌਰ ਅਰੋੜਾ, ਮਨਜੀਤ ਸਿੰਘ ਬਿਲਾਸਪੁਰ, ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ (ਸਾਰੇ ਵਿਧਾਇਕ), ਮੇਅਰ ਬਲਜੀਤ ਸਿੰਘ ਚਾਨੀ, ਐੱਸਐੱਸਪੀ ਅਜੈ ਗਾਂਧੀ, ਏਡੀਸੀ (ਜਨਰਲ) ਚਾਰੂਮਿਤਾ ਤੇ ਹੋਰ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀ ਮੌਜੂਦ ਸਨ।