ਭਾਰਤ ਮਾਲਾ ਪ੍ਰਾਜੈਕਟ: ਭਾਕਿਯੂ ਡਕੌਂਦਾ ਵੱਲੋਂ ਪੱਕਾ ਮੋਰਚਾ ਜਾਰੀ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਲਾਕ ਸ਼ਹਿਣਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਦੀ ਅਗਵਾਈ ਹੇਠ ਭਾਰਤ ਮਾਲਾ ਪ੍ਰਾਜੈਕਟ ਖਿਲਾਫ਼ ਲਾਇਆ ਪੱਕਾ ਮੋਰਚਾ 54ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦਾ ਕਹਿਣਾ ਹੈ ਜਿੰਨਾ ਚਿਰ ਕਿਸਾਨਾਂ ਨੂੰ ਫ਼ਸਲ ਦਾ ਮੁਆਵਜ਼ਾ ਅਤੇ ਜ਼ਮੀਨ ਦਾ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ, ਓਨਾ ਚਿਰ ਮੋਰਚਾ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਜ਼ਿਲ੍ਹਾ ਆਗੂ ਮੇਵਾ ਸਿੰਘ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ, ਸੁਖਦੇਵ ਸਿੰਘ ਗਿੱਲ ਕੋਠੇ, ਸ਼ੇਰ ਸਿੰਘ ਜੰਗੀਆਣਾ, ਸੁਖਦੇਵ ਸਿੰਘ ਭਦੌੜ, ਦਰਸ਼ਨ ਸਿੰਘ ਕੋਠੇ ਝਾਹਿਆ ਵਾਲੇ, ਮਿੱਠੂ ਜੰਗੀਆਣਾ, ਮਲਕੀਤ ਸਿੰਘ ਸ਼ਹਿਣਾ, ਜੋਗਿੰਦਰ ਸਿੰਘ ਅਲਕੜਾ, ਜਗਜੀਤ ਸਿੰਘ ਅਲਕੜਾ, ਪੰਮੀ ਕੋਠੇ ਝਾਹਿਆ ਵਾਲੇ ਤੇ ਅਜੈਬ ਸਿੰਘ ਸ਼ਹਿਣਾ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਭਾਰਤ ਮਾਲਾ ਪ੍ਰਾਜੈਕਟ ਦੇ ਅਧਿਕਾਰੀਆਂ ਵੱਲੋਂ ਪੁਲੀਸ ਦੀ ਮਦਦ ਨਾਲ ਕਸਬਾ ਸ਼ਹਿਣਾ ਇਲਾਕੇ ਦੇ ਕਿਸਾਨਾਂ ਦੀਆਂ ਜ਼ਮੀਨਾਂ ’ਚ ਕਥਿਤ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਖੇਤਾਂ ’ਚ ਖੜ੍ਹੀ ਫਸਲ ਨੂੰ ਵਾਹ ਦਿੱਤਾ ਜਿਸ ਦੇ ਵਿਰੋਧ ਕਿਸਾਨ ਜਥੇਬੰਦੀ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਭਾਰਤ ਮਾਲਾ ਪ੍ਰਾਜੈਕਟ ਖਿਲਾਫ਼ ਪੱਕਾ ਮੋਰਚਾ ਲਾਇਆ ਗਿਆ, ਜੋ ਅੱਜ 54ਵੇਂ ਦਿਨ ਵੀ ਜਾਰੀ ਹੈ।