ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ’ਚ ਬੈਗ ਰਹਿਤ ਦਿਵਸ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 11 ਅਪਰੈਲ
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਨੇ ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਪ੍ਰਯੋਗੀ ਅਤੇ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨ ਅਤੇ ਹੱਥੀਂ ਕੰਮ ਕਰਨ ਦੀ ਕੁਸ਼ਲਤਾ ਵਧਾਉਣ ਵਾਸਤੇ ਬੈਗ ਰਹਿਤ ਦਿਵਸ ਮਨਾਇਆ ਗਿਆ। ਇਸ ਦਿਨ ਵਿਦਿਆਰਥੀਆਂ ਨੂੰ ਮਾਹਿਰ ਅਧਿਆਪਕਾਂ ਦੁਆਰਾ ਵੱਖ-ਵੱਖ ਉਸਾਰੂ ਗਤੀਵਿਧੀਆਂ ਤਹਿਤ ਪੇਂਟਿੰਗ, ਪੋਸਟਰ ਬਣਾਉਣਾ, ਕਵਿਤਾ ਉਚਾਰਨ, ਕੁਇੱਜ਼, ਸੰਚਾਰ ਯੋਗਤਾ ਦਾ ਵਿਕਾਸ ਕਰਨ ਲਈ ਆਪਸੀ ਸੰਵਾਦ, ਵਿਗਿਆਨਕ ਖੇਤਰ ਵਿੱਚ ਰੁਚੀਆਂ ਪੈਦਾ ਕਰਨ ਲਈ ਵਿਗਿਆਨ ਪਾਰਕ, ਪ੍ਰਯੋਗਸ਼ਾਲਾਵਾਂ ਵਿੱਚ ਪ੍ਰਯੋਗੀ ਸਿੱਖਿਆ, ਪ੍ਰੇਰਣਾਦਾਇਕ ਭਾਸ਼ਣ ਅਤੇ ਪ੍ਰਾਚੀਨ ਖੇਡਾਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੂੰ ਚੰਗੀ ਸਿਹਤ ਅਤੇ ਸਿੱਖਿਆ ਦੇ ਮਹੱਤਵ ਬਾਰੇ ਸਮਝਾਇਆ ਤਾਂ ਕਿ ਤੰਦਰੁਸਤ ਤੇ ਆਦਰਸ਼ ਸਮਾਜ ਦੀ ਸਿਰਜਣਾ ਵੱਲ ਨੌਜਵਾਨ ਵਰਗ ਨੂੰ ਵਧਾਇਆ ਜਾ ਸਕੇ। ਸੰਸਥਾ ਮੁਖੀ ਡਾ. ਐੱਸ. ਐੱਸ. ਬਰਾੜ ਨੇ ਬੈਗ ਰਹਿਤ ਦਿਵਸ ਦੀ ਸਫ਼ਲ ਸੰਪੰਨਤਾ ’ਤੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਦਿਨ ਮਨਾਉਣ ਦਾ ਮਕਸਦ ਵਿਦਿਆਰਥੀਆਂ ਬਹੁ ਪੱਖੀ ਵਿਕਾਸ ਕਰਕੇ ਉਨ੍ਹਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਕਰਨ ਦੀ ਜਾਂਚ ਸਿਖਾਉਣਾ ਅਤੇ ਮਾਨਸਿਕ ਬੋਝ ਨੂੰ ਘੱਟ ਕਰਨਾ ਹੈ।