Punjab News: ਮੁਕਤਸਰ ਪੁਲੀਸ ਨੇ ਢਾਈ ਸਾਲ ਪੁਰਾਣਾ ਕਤਲ ਕੇਸ ਸੁਲਝਾਇਆ
02:56 PM Apr 17, 2025 IST
ਗੁਰਸੇਵਕ ਸਿੰਘ ਪ੍ਰੀਤ
Advertisement
ਸ੍ਰੀ ਮੁਕਤਸਰ ਸਾਹਿਬ, 17 ਅਪਰੈਲ
ਇੱਥੋਂ ਦੇ ਪਿੰਡ ਸਰਾਵਾਂ ਬੋਦਲਾ ਦੇ ਦਵਾਖਾਨੇ ਦੇ ਹਕੀਮ ਦਲੀਪ ਸਿੰਘ (80) ਦੇ ਕਰੀਬ ਢਾਈ ਸਾਲ ਪਹਿਲਾਂ ਹੋਏ ਕਤਲ ਕੇਸ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਕਤਲ ਦੇ ਦੋਸ਼ ਵਿਚ ਪੁਲੀਸ ਨੇ ਪੰਜ ਵਿਆਕਤੀ ਨਾਮਜ਼ਦ ਕੀਤੇ ਹਨ ਜਿਨ੍ਹਾਂ ਵਿੱਚੋਂ ਦੋ ਗ੍ਰਿਫਤਾਰ ਕਰ ਲਏ ਹਨ ਜਦੋਂ ਕਿ ਤਿੰਨ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ 17 ਸਤੰਬਰ 2022 ਦੇ ਦਿਨ ਹਕੀਮ ਦਲੀਪ ਸਿੰਘ ਦੀ ਕੱਟੀ-ਵੱਢੀ ਲਾਸ਼ ਕੱਪੜੇ ਵਿਚ ਲਿਪਟੀ ਹੋਈ ਮਿਲੀ ਸੀ। ਕਾਤਲਾਂ ਨੇ ਘਟਨਾ ਸਥਾਨ ’ਤੇ ਲੱਗੇ ਸੀਸੀਟੀਵੀ ਕੈਮਰੇ ਤੇ ਐੱਲਈਡੀ ਤੋੜੀ ਦਿੱਤੀ ਸੀ ਅਤੇ ਹੋਰ ਕੋਈ ਸੁਰਾਗ ਨਹੀਂ ਸੀ ਛੱਡਿਆ।
ਗ਼ੌਰਤਲਬ ਹੈ ਕਿ ਮੁਕਤਸਰ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਫਰਵਰੀ 2025 ਵਿਚ ਇਸ ਕੇਸ ਦੀ ਮੁੜ ਪੜਤਾਲ ਦੇ ਹੁਕਮ ਦਿੱਤੇ ਸਨ। ਇਸ ਪੜਤਾਲ ਦੌਰਾਨ ਕਤਲ ’ਚ ਪੰਜ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਨ੍ਹਾਂ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਸਰਾਵਾਂ ਬੋਦਲਾ ਦਾ ਅਮਰਿੰਦਰ ਸਿੰਘ ਉਰਫ ਜਿਮੀ ਅਤੇ ਅੰਮਿਤਪਾਲ ਸਿੰਘ ਉਰਫ ਅੰਬੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕਤਲ ਦਾ ਦੋਸ਼ ਕਬੂਲਦਿਆਂ ਦੱਸਿਆ ਕਿ ਹਕੀਮ ਇਕੱਲਾ ਰਹਿੰਦਾ ਸੀ, ਕੰਮ ਚੰਗਾ ਹੋਣ ਕਾਰਨ ਕੋਲ ਕਾਫੀ ਪੈਸੇ ਸਨ ਤੇ ਇੰਨ੍ਹਾਂ ਪੈਸਿਆਂ ਲਈ ਹੀ ਉਨ੍ਹਾਂ ਨੇ ਹਕੀਮ ਦਲੀਪ ਸਿੰਘ ਦਾ ਕਤਲ ਕੀਤਾ ਸੀ। ਇਕ ਹੋਰ ਵਿਅਕਤੀ ਦੀ ਪਹਿਚਾਣ ਸ਼ਮਸ਼ੇਰ ਸਿੰਘ ਉਰਫ ਸ਼ੰਮੀ ਵਜੋਂ ਹੋਈ ਹੈ ਜਿਸਦੀ ਭਾਲ ਜਾਰੀ ਹੈ।
Advertisement