Indo-Pak Blackout Withdrawn: ਪੰਜਾਬ ਭਰ ਵਿੱਚ ਬਲੈਕਆਊਟ ਖ਼ਤਮ, ਜ਼ਿਲ੍ਹਾ ਪ੍ਰਸ਼ਾਸਨਾਂ ਨੇ ਪਾਬੰਦੀਆਂ ਹਟਾਈਆਂ
ਚੰਡੀਗੜ੍ਹ, 10 ਮਈ
Indo-Pak Blackout Withdrawn: ਭਾਰਤ ਅਤੇ ਪਾਕਿਸਤਾਨ ਵੱਲੋਂ ਫ਼ੌਰੀ ਤੌਰ ’ਤੇ ਜੰਗਬੰਦੀ ਲਈ ਰਾਜ਼ੀ ਹੋ ਜਾਣ ਤੋਂ ਬਾਅਦ ਪੰਜਾਬ ਦੇ ਅਧਿਕਾਰੀਆਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਬਲੈਕਆਊਟ ਲਾਗੂ ਕਰਨ ਸਬੰਧੀ ਹੁਕਮ ਵਾਪਸ ਲੈ ਲਏ ਹਨ। ਪਟਿਆਲਾ, ਸੰਗਰੂਰ, ਰੂਪਨਗਰ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਬਲੈਕਆਊਟ ਦੇ ਹੁਕਮ ਵਾਪਸ ਲੈ ਲਏ ਜਦੋਂ ਕਿ ਜਲੰਧਰ, ਕਪੂਰਥਲਾ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਵੀ ਪਾਬੰਦੀਆਂ ਦੇ ਹੁਕਮ ਰੱਦ ਕਰ ਦਿੱਤੇ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦੇ ਮੱਦੇਨਜ਼ਰ ਕਈ ਜ਼ਿਲ੍ਹਾ ਅਧਿਕਾਰੀਆਂ ਨੇ ਪਹਿਲਾਂ ਸ਼ਨਿੱਚਰਵਾਰ ਸ਼ਾਮ ਨੂੰ ਬਲੈਕਆਊਟ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਲੈਕਆਊਟ ਲਾਗੂ ਕਰਨ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ।
ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਕਿਹਾ, "ਪਾਬੰਦੀਆਂ ਦੇ ਸਾਰੇ ਹੁਕਮ ਇਸ ਤਰ੍ਹਾਂ ਵਾਪਸ ਲਏ ਜਾਂਦੇ ਹਨ। ਤੁਹਾਡੇ ਸਮਰਥਨ ਲਈ ਧੰਨਵਾਦ," ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਵੀ ਇਸੇ ਤਰ੍ਹਾਂ ਦਾ ਹੁਕਮ ਜਾਰੀ ਕੀਤਾ।
ਹੁਸ਼ਿਆਰਪੁਰ ਦੀ ਡੀਸੀ ਆਸ਼ਿਕਾ ਜੈਨ ਨੇ ਕਿਹਾ, "ਸਾਰੇ ਪਾਬੰਦੀ ਦੇ ਹੁਕਮ ਮੁਅੱਤਲ ਹਨ। ਆਮ ਸਥਿਤੀ ਬਹਾਲ ਹੋ ਗਈ ਹੈ। ਚੁਣੌਤੀਪੂਰਨ ਸਮੇਂ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ, ਸਮਰਥਨ ਅਤੇ ਯਤਨਾਂ ਲਈ ਧੰਨਵਾਦ।" ਇਸ ਤੋਂ ਪਹਿਲਾਂ ਦਿਨ ਵਿੱਚ, ਜਲੰਧਰ, ਪਠਾਨਕੋਟ ਅਤੇ ਕਪੂਰਥਲਾ ਸਮੇਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਬਾਜ਼ਾਰਾਂ ਅਤੇ ਵਪਾਰਕ ਅਦਾਰਿਆਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਸੀ ਅਤੇ ਨਾਗਰਿਕਾਂ ਨੂੰ ਵੱਡੇ ਇਕੱਠਾਂ ਤੋਂ ਬਚਣ ਦੀ ਅਪੀਲ ਕੀਤੀ ਸੀ।
ਸ਼ੁੱਕਰਵਾਰ ਨੂੰ, ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ ਆਦੇਸ਼ਾਂ ਤੱਕ ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ ਸਿਨੇਮਾ ਹਾਲ ਅਤੇ ਸ਼ਾਪਿੰਗ ਮਾਲ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। -ਪੀਟੀਆਈ
ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਵੱਲੋਂ ਲੋਕਾਂ ਦਾ ਧੰਨਵਾਦ, ਪਾਬੰਦੀਆਂ ਖ਼ਤਮ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਆਪਣੇ ਹੁਕਮਾਂ ਕਿਹਾ, ‘‘ਜ਼ਿਲ੍ਹੇ ਵਿੱਚ ਦੁਕਾਨਾਂ ਦੇ ਸਮੇਂ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਵਾਪਸ ਲਈਆਂ ਜਾਂਦੀਆਂ ਹਨ ਅਤੇ ਅੱਜ ਬਲੈਕਆਊਟ ਵੀ ਨਹੀਂ ਹੋਵੇਗਾ। ਸਮੂਹ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।’’