Punjab News: ਧਾਰਮਿਕ ਡੇਰੇ ਦਾ ਮੁਖੀ ਨਾਜਾਇਜ਼ ਖਣਨ ਦੇ ਦੋਸ਼ ਤਹਿਤ ਗ੍ਰਿਫ਼ਤਾਰ
ਹਰਦੀਪ ਸਿੰਘ
ਧਰਮਕੋਟ, 18 ਅਪਰੈਲ
ਥਾਣਾ ਕੋਟ ਈਸੇ ਖਾਂ ਦੇ ਅਧੀਨ ਪਿੰਡ ਦੌਲੇਵਾਲਾ ਮਾਇਰ ਵਿਖੇ ਸਥਿਤ ਇਕ ਧਾਰਮਿਕ ਡੇਰੇ ਦੇ ਮੁਖੀ ਨੂੰ ਪੁਲੀਸ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਦੇਸ਼ ਵਿਦੇਸ਼ ਵਿੱਚ ਤਪ ਅਸਥਾਨ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਨਾਮ ਨਾਲ ਜਾਣੇ ਜਾਂਦੇ ਡੇਰੇ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਫੌਜੀ ਦਾ ਰੇਤ ਮਾਫੀਆ ਨਾਲ ਪੁਲੀਸ ਵੱਲੋਂ ਨਾਮ ਜੋੜਨ ਨਾਲ ਹਲਕੇ ਦੀ ਸਿਆਸਤ ਵੀ ਗਰਮਾ ਗਈ ਹੈ। ਬਾਬਾ ਅਵਤਾਰ ਸਿੰਘ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ, ਇਸ ਲਈ ਪਿੰਡ ਦੇ ‘ਆਪ’ ਆਗੂ ਡੇਰੇ ਦੇ ਪ੍ਰਬੰਧਾਂ ਦੀ ਬਦਲੀ ਲਈ ਵੀ ਯਤਨਸ਼ੀਲ ਹਨ। ਹਲਕੇ ਦੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੁਝ ਦਿਨ ਪਹਿਲਾਂ ਪਿੰਡ ਦੌਲੇਵਾਲਾ ਵਿਖੇ ਵੱਡੇ ਪੱਧਰ ’ਤੇ ਹੁੰਦੀ ਰੇਤ ਮਾਈਨਿੰਗ ਉੱਤੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 53/25 ਥਾਣਾ ਕੋਟ ਈਸੇ ਖਾਂ ਵਿਖੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਚਾਰ ਲੋਕਾਂ ਹੈਪੀ ਸ਼ੇਰਪੁਰ, ਜਗਜੀਤ ਸਿੰਘ, ਪ੍ਰਭਜੀਤ ਸਿੰਘ ਅਤੇ ਬਲਜੀਤ ਸਿੰਘ ਦੇ ਨਾਮ ਸ਼ਾਮਲ ਸਨ। ਇਨ੍ਹਾਂ ਤੋਂ ਕੀਤੀ ਪੁਛਗਿੱਛ ਅਤੇ ਪੜਤਾਲ ਤੋਂ ਬਾਅਦ ਬਾਬਾ ਅਵਤਾਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ। ਬਾਬਾ ਅਵਤਾਰ ਸਿੰਘ ਵਲੋਂ ਠੇਕੇ ਉੱਤੇ ਲਈ ਜ਼ਮੀਨ ਵਿੱਚੋਂ ਹੀ ਨਜਾਇਜ਼ ਰੇਤ ਦੀ ਨਿਕਾਸੀ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਪੜਤਾਲ ਤੋਂ ਬਾਅਦ ਬਾਬਾ ਅਵਤਾਰ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਡੇਰਾ ਮੁਖੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਅੱਜ ਉਨ੍ਹਾਂ ਦੀ ਗ੍ਰਿਫਤਾਰੀ ਪਾ ਦਿੱਤੀ ਗਈ। ਪੁਲੀਸ ਨੇ ਉਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਦੂਸਰੇ ਪਾਸੇ ਪੁਲੀਸ ਵਲੋਂ ਪਰਚੇ ਵਿਚ ਡੇਰਾ ਮੁਖੀ ਦਾ ਨਾਮ ਸ਼ਾਮਲ ਕਰਨ ਉੱਤੇ ਪਿੰਡ ਦੌਲੇਵਾਲਾ ਵਿਚ ਮਾਹੌਲ ਤਨਾਅਪੂਰਨ ਬਣ ਗਿਆ ਹੈ। ਉਨ੍ਹਾਂ ਦੇ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਸਮੱਰਥਕ ਡੇਰੇ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਡੇਰੇ ਦੇ ਖਜ਼ਾਨਚੀ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਬੂਟਾ ਸਿੰਘ, ਅਕਾਲੀ ਆਗੂ ਤੀਰਥ ਸਿੰਘ ਮਾਹਲਾ, ਰਾਜਵਿੰਦਰ ਸਿੰਘ ਧਰਮਕੋਟ, ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ ਅਤੇ ਗੁਰਮੀਤ ਸਿੰਘ ਗਗੜਾ ਨੇ ਡੇਰੇ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਮਾਮਲੇ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਅਤੇ ਸਾਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।
ਦੂਸਰੇ ਪਾਸੇ ਵਿਧਾਇਕ ਢੋਸ ਨੇ ਕਿਹਾ ਕਿ ਉਨ੍ਹਾਂ ਦਾ ਡੇਰੇ ਦੇ ਪ੍ਰਬੰਧਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਪਿੰਡ ਵਾਸੀ ਜੇਕਰ ਪ੍ਰਬੰਧਕ ਕਮੇਟੀ ਦੀ ਬਦਲੀ ਕਰਨਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬਾਬੇ ਵਿਰੁੱਧ ਪੁਲੀਸ ਨੇ ਪੂਰੀ ਪੜਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਉਹ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ।