ਫ਼ਿਰੋਜ਼ਪੁਰ ਵਿੱਚ ਡਰੋਨ ਹਮਲੇ ’ਚ ਪਤੀ ਪਤਨੀ ਸਣੇ ਤਿੰਨ ਜ਼ਖ਼ਮੀ
ਸੰਜੀਵ ਹਾਂਡਾ/ਅਨਿਰੁਧ ਗੁਪਤਾ/ਏਜੰਸੀਆਂ
ਫਿਰੋਜ਼ਪੁਰ, 9 ਮਈ
ਪਾਕਿਸਤਾਨ ਵੱਲੋਂ ਅੱਜ ਰਾਤ ਪੰਜਾਬ ਦੇ ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ ਕਈ ਹਮਲੇ ਕੀਤੇ ਗਏ, ਜਿਨ੍ਹਾਂ ਨੂੰ ਭਾਰਤੀ ਫ਼ੌਜ ਨੇ ਅਸਮਾਨ ਵਿੱਚ ਹੀ ਨਾਕਾਮ ਕਰ ਦਿੱਤਾ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਡਰੋਨ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਲੱਖਾ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਵਜੋਂ ਹੋਈ ਹੈ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਭਾਰਤੀ ਫ਼ੌਜ ਨੇ ਫਾਜ਼ਿਲਕਾ ਵਿੱਚ ਵੀ ਚਾਰ ਡਰੋਨ ਹਮਲੇ ਨਾਕਾਮ ਕੀਤੇ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਕੋਲ ਵੀ ਇੱਕ ਡਰੋਨ ਹਮਲਾ ਨਾਕਾਮ ਕਰ ਦਿੱਤਾ ਗਿਆ।
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਇੱਕ ਡਰੋਨ ਤੋਂ ਡਿੱਗਣ ਵਾਲੇ ਪ੍ਰੋਜੈਕਟਾਈਲ ਕਾਰਨ ਹੋਇਆ ਸੀ ਜਿਸ ਨੂੰ ਫੌਜ ਦੇ ਹਵਾਈ ਰੱਖਿਆ ਪ੍ਰਣਾਲੀ ਨਾਲ ਨਸ਼ਟ ਕਰ ਦਿੱਤਾ, ਪਰ ਇਹ ਪਿੰਡ ਖਾਈ ਫੇਮੇ ਕੀ ਦੇ ਇੱਕ ਘਰ ਵਿੱਚ ਡਿੱਗਿਆ। ਉਨ੍ਹਾਂ ਕਿਹਾ ਕਿ ਘਰ ਦੇ ਬਾਹਰ ਖੜ੍ਹੀ ਕਾਰ ਵਿੱਚ ਸੀਐਨਜੀ ਸੀ, ਜਿਸ ਕਾਰਨ ਧਮਾਕਾ ਹੋਇਆ ਅਤੇ ਘਰ ਨੂੰ ਅੱਗ ਲੱਗ ਗਈ। ਤਿੰਨ ਜ਼ਖਮੀਆਂ ਦੀ ਪਛਾਣ ਲਖਵਿੰਦਰ ਸਿੰਘ ਤੇ ਮੋਨੂੰ ਸਿੰਘ ਦੋਵੇਂ ਪੁੱਤਰ ਬਗੀਚਾ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਨੂੰ ਸੱਟਾਂ ਲੱਗੀਆਂ ਹਨ ਤੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਲਖਵਿੰਦਰ ਦੀ ਹਾਲਤ ਗੰਭੀਰ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਪਿੰਡ ਫੌਜੀ ਛਾਉਣੀ ਨੇੜੇ ਸਥਿਤ ਹੈ, ਅਤੇ ਡਰੋਨ ਹਮਲਾ ਸ਼ਾਇਦ ਛਾਉਣੀ ਵਿੱਚ ਫੌਜ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਲਈ ਸੀ, ਪਰ ਇਹ ਪਿੰਡ ਵਿੱਚ ਡਿੱਗਿਆ।
ਇਸ ਤੋਂ ਪਹਿਲਾਂ, ਪਾਕਿਸਤਾਨੀ ਫੌਜ ਨੇ ਅੱਜ ਸ਼ਾਮੀਂ ਇਸ ਸਰਹੱਦੀ ਸ਼ਹਿਰ ਵਿੱਚ ਉਪਰੋਥੱਲੀ ਡਰੋਨ ਹਮਲੇ ਕੀਤੇ। ਕਈ ਲਾਲ ਰੰਗ ਦੀਆਂ ਉੱਡਦੀਆਂ ਵਸਤੂਆਂ (ਸਵਾਰਮ ਡਰੋਨ) ਇੱਕ ਤੋਂ ਬਾਅਦ ਇੱਕ ਆਉਂਦੇ ਦੇਖੇ ਗਏ।
ਫੌਜ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਡਰੋਨਾਂ ਨੂੰ ਹਵਾ ਵਿੱਚ ਹੀ ਲਗਾਤਾਰ ਫੁੰਡ ਦਿੱਤਾ। ਹਾਲਾਂਕਿ ਸਰਹੱਦ ਦੇ ਨਾਲ-ਨਾਲ ਵੱਖ-ਵੱਖ ਥਾਵਾਂ ’ਤੇ ਕੁਝ ਧਮਾਕੇ ਹੋਣ ਦੀਆਂ ਰਿਪੋਰਟਾਂ ਆਈਆਂ ਹਨ, ਹਾਲਾਂਕਿ, ਇਸ ਸਮੇਂ ਕਿਸੇ ਵੀ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ। ਧਮਾਕੇ ਦੀਆਂ ਉੱਚੀਆਂ ਆਵਾਜ਼ਾਂ ਅਤੇ ਸਾਇਰਨ ਸੁਣਾਈ ਦੇ ਰਹੇ ਸਨ ਜਿਸ ਨਾਲ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ।
ਜਾਣਕਾਰੀ ਅਨੁਸਾਰ, ਇਨ੍ਹਾਂ ਵਿੱਚੋਂ ਕੁਝ ਡਰੋਨ ਵਿਸਫੋਟਕ ਲੈ ਕੇ ਜਾ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਨਿਗਰਾਨੀ ਲਈ ਸਨ। ਇਸ ਦੌਰਾਨ, ਫੌਜ ਦੇ ਜਵਾਨਾਂ ਨੇ ਸ਼ਹਿਰ ਦੇ ਮਹੱਤਵਪੂਰਨ ਪੁਲਾਂ ਅਤੇ ਹੋਰ ਰਣਨੀਤਕ ਟਿਕਾਣਿਆਂ ਦੀ ਸੁਰੱਖਿਆ ਸੰਭਾਲ ਲਈ ਹੈ।
ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਟੀਮਾਂ ਨੂੰ ਪਿੰਡ ਖਾਈ ਫੇਮੇ ਕੇ ਭੇਜ ਦਿੱਤਾ ਗਿਆ ਹੈ ਜਿੱਥੇ ਡਰੋਨ ਹਮਲੇ ਕਾਰਨ ਘਰ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਤਿੰਨ ਲੋਕ ਜ਼ਖਮੀ ਹੋਏ ਸਨ।