ਜੰਗ ਦੀ ਦਹਿਸ਼ਤ: ਅੰਮ੍ਰਿਤਸਰ ’ਚ ਲੋਕਾਂ ਨੇ ਸਮੇਂ ਤੋਂ ਪਹਿਲਾਂ ਦੁਕਾਨਾਂ ਤੇ ਕਾਰੋਬਾਰ ਬੰਦ ਕੀਤੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਮਈ
ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਇੱਥੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ। ਸ਼ਹਿਰ ਵਿੱਚ ਲੋਕਾਂ ਵੱਲੋਂ ਅੱਜ ਸਮੇਂ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਲੋਕ ਘਰਾਂ ਵਿੱਚ ਚਲੇ ਗਏ ਹਨ, ਜਿਸ ਕਾਰਨ ਸੜਕਾਂ ’ਤੇ ਸੁੰਨ ਪਸਰੀ ਹੋਈ ਹੈ। ਇਸ ਦੌਰਾਨ 8:30 ਵਜੇ ਬਲੈਕਆਊਟ ਵੀ ਹੋ ਗਿਆ।
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕਆਊਟ ਦਾ ਕੋਈ ਸਮਾਂ ਨਿਰਧਾਰਿਤ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਦੁਕਾਨਾਂ ਬੰਦ ਕਰਨ ਦਾ ਕੋਈ ਸਮਾਂ ਨਿਰਧਾਰਿਤ ਕੀਤਾ ਹੈ। ਇਸ ਦੇ ਬਾਵਜੂਦ ਅੱਜ ਇੱਥੇ ਲੋਕਾਂ ਵੱਲੋਂ ਸ਼ਾਮ ਵੇਲੇ ਕਰੀਬ 7 ਵਜੇ ਹੀ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਾਰੋਬਾਰ ਸਾਂਭ ਲਏ ਗਏ ਹਨ।
ਇਥੇ ਲਾਰੈਂਸ ਰੋਡ ਇਲਾਕੇ ਵਿੱਚ ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਹੋਟਲ ਤੇ ਰੇਸਤਰਾਂ ਜਿਹੜੇ ਆਮ ਕਰਕੇ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ, ਪਰ ਅੱਜ ਲੋਕਾਂ ਵੱਲੋਂ ਸਮੇਂ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਇਲਾਕੇ ਵਿੱਚ ਸੁੰਨ ਪਸਰ ਗਈ ਹੈ।
ਦੂਜੇ ਪਾਸੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਸਨ ਅਤੇ ਉਨ੍ਹਾਂ ਦੀਆਂ ਲਾਈਟਾਂ ਵੀ ਜਗ ਰਹੀਆਂ ਸਨ।
ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਖਸ਼ੀ ਸਾਹਨੀ ਨੇ ਮੀਡੀਆ ਵਾਸਤੇ ਇੱਕ ਵੀਡੀਓ ਵਿੱਚ ਸਪਸ਼ਟ ਕੀਤਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕਆਊਟ ਦਾ ਕੋਈ ਸਮਾ ਨਿਰਧਾਰਿਤ ਨਹੀਂ ਕੀਤਾ ਗਿਆ ਹੈ। ਇਹ ਬਲੈਕਆਊਟ ਉਸ ਵੇਲੇ ਹੀ ਕੀਤਾ ਜਾਵੇਗਾ, ਜਦੋਂ ਇਸ ਦੀ ਲੋੜ ਹੋਵੇਗੀ। ਉਸ ਵੇਲੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਅਪੀਲ ਹੈ ਕਿ ਬਲੈਕਆਊਟ ਦੇ ਸਮੇਂ ਉਹ ਆਪਣੇ ਘਰਾਂ ਤੇ ਹੋਰਨਾਂ ਥਾਵਾਂ ਦੀਆਂ ਸਮੁੱਚੀਆਂ ਲਾਈਟਾਂ ਨੂੰ ਬੰਦ ਰੱਖਣ। ਉਨ੍ਹਾਂ ਕਿਹਾ ਕਿ ਘਰਾਂ ਅਤੇ ਕਾਰੋਬਾਰਾਂ ਅਤੇ ਹੋਰ ਥਾਵਾਂ ਦੀਆਂ ਸਮੁੱਚੀਆਂ ਲਾਈਟਾਂ ਨੂੰ ਬੰਦ ਰੱਖਣਾ ਜ਼ਰੂਰੀ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਬੰਧਤ ਲੋਕਾਂ ਖਿਲਾਫ ਕਾਰਵਾਈ ਵੀ ਹੋਵੇਗੀ।
ਇਸ ਸਬੰਧ ਵਿੱਚ ਅੱਜ ਇੱਕ ਮੀਟਿੰਗ ਕਰਕੇ ਸਪੈਸ਼ਲ ਟੀਮ ਦਾ ਵੀ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਸੁਨੇਹੇ ਵਿੱਚ ਬਲੈਕਆਊਟ ਸਮੇਂ ਕੀ ਕਰਨਾ ਹੈ, ਬਾਰੇ ਵੀ ਸਪਸ਼ਟ ਕੀਤਾ ਹੈ। ਇਸ ਦੌਰਾਨ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਮੌਜੂਦਾ ਸਥਿਤੀ ਬਾਰੇ ਲੋਕਾਂ ਨੂੰ ਸਪਸ਼ਟ ਕੀਤਾ ਅਤੇ ਭੈਭੀਤ ਨਾ ਹੋਣ ਦੀ ਅਪੀਲ ਕੀਤੀ।