Farmer Protest: ਜਥੇਬੰਦੀ ਦੇ ਜ਼ੋਰਦਾਰ ਵਿਰੋਧ ਕਾਰਨ ਕਿਸਾਨ ਆਗੂ ਘੁਡਾਣੀ ਨੂੰ ਕੀਤਾ ਰਿਹਾਅ
ਮੁਜ਼ਾਹਰੇ ਤੋਂ ਪਹਿਲਾਂ ਪੁਲੀਸ ਨੇ ਵਿੱਢੀ ਸੀ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੀ ਮੁਹਿੰਮ, ਪਰ ਆਖ਼ਰ ਕਿਸਾਨਾਂ ਰੋਹ ਅੱਗੇ ਝੁਕਣਾ ਪਿਆ
ਦੇਵਿੰਦਰ ਸਿੰਘ ਜੱਗੀ
ਪਾਇਲ, 9 ਮਈ
Farmer Protest: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੂੰ ਜਥੇਬੰਦੀ ਦੇ ਵਿਰੋਧ ਕਾਰਨ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਰਿਹਾਅ ਕਰ ਦਿੱਤਾ ਗਿਆ।
ਕਿਸਾਨ ਜਥੇਬੰਦੀ ਨੇ ਗ੍ਰਿਫਤਾਰ ਕੀਤੇ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ ਅਤੇ ਆਗੂਆਂ ’ਤੇ ਪਾਏ ਕੇਸ ਰੱਦ ਕਰਵਾਉਣ ਲਈ ਅੱਜ ਦਾਣਾ ਮੰਡੀ ਪਾਇਲ ਵਿੱਚ ਵਿਧਾਇਕ ਦੇ ਦਫਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਪੁਲੀਸ ਸਵੇਰ ਤੋਂ ਹੀ ਮੰਡੀ ਵਿੱਚ ਪਹੁੰਚ ਰਹੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਨ ਲੱਗ ਪਈ।
ਕਿਸਾਨਾਂ ਵਲੋਂ ਪਾਣੀ ਲਈ ਲਿਆਂਦੇ ਗਏ ਵਾਟਰ ਟੈਂਕ ਅਤੇ ਦੁੱਧ ਵਗੈਰਾ ਲੈ ਕੇ ਆ ਰਹੇ ਕਿਸਾਨਾਂ ਨੂੰ ਥਾਣੇ ਵਿੱਚ ਡੱਕ ਦਿੱਤਾ ਗਿਆ। ਅਖੀਰ ਪਿੰਡ ਸਿਹੌੜਾ ਵਿੱਚ ਰੈਲੀ ’ਚ ਸ਼ਾਮਿਲ ਹੋਣ ਵਾਲੇ ਕਾਫਲੇ ਨਾਲ ਪੁਲੀਸ ਨੇ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਪਰ ਸੈਂਕੜੇ ਕਿਸਾਨ ਮਰਦ-ਔਰਤਾਂ ਨੇ ਪੁਲੀਸ ਦੀਆਂ ਲਾਈਆਂ ਰੋਕਾਂ ਨੂੰ ਤੋੜ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ।
ਮੁਜ਼ਾਹਰਾਕਾਰੀਆਂ ਦੇ ਰੋਹ ਦੇ ਇਰਾਦੇ ਨੂੰ ਭਾਂਪਦਿਆਂ ਪੁਲੀਸ ਅਧਿਕਾਰੀਆਂ ਨੇ ਤੁਰੰਤ ਗ੍ਰਿਫਤਾਰ ਕੀਤੇ ਆਗੂ ਸੁਦਾਗਰ ਸਿੰਘ ਘੁਡਾਣੀ ਨੂੰ ਰਿਹਾਅ ਕਰ ਦਿੱਤਾ। ਜਦੋਂ ਰਿਹਾਅ ਕੀਤੇ ਆਗੂ ਘੁਡਾਣੀ ਧਮੋਟ ਦਾਣਾ ਮੰਡੀ ਪੁੱਜੇ ਤਾਂ ‘ਜੇਲ੍ਹੀ ਯੋਧੇ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ।
ਅੱਜ ਦੇ ਇਕੱਠ ਨੂੰ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਸਿੰਘ ਨੈਣੇਵਾਲ, ਕੁਲਵਿੰਦਰ ਸਿੰਘ ਭੂਦਨ, ਦਰਬਾਰਾ ਸਿੰਘ ਛਾਜਲਾ, ਬਲਵੰਤ ਸਿੰਘ ਘੁਡਾਣੀ, ਰਾਜਿੰਦਰ ਸਿੰਘ ਸਿਆੜ, ਸੁਦਾਗਰ ਸਿੰਘ ਘੁਡਾਣੀ, ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਸਰਬਜੀਤ ਸਿੰਘ ਭੁਰਥਲਾ, ਕਮਲਜੀਤ ਕੌਰ ਬਰਨਾਲਾ, ਰਣਦੀਪ ਕੌਰ ਸੁਨਾਮ ਨੇ ਲੋਕਾਂ ਨੂੰ ਜਿੱਤ ਕਰਾਰ ਦਿੰਦਿਆਂ ਇਸ ਦੀ ਵਧਾਈ ਦਿੱਤੀ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।