ਸ਼ਰਾਬ ਦੇ ਠੇਕਾ ਰਿਹਾਇਸ਼ੀ ਇਲਾਕੇ ’ਚੋਂ ਬਾਹਰ ਕਢਵਾਉਣ ਲਈ ਨਾਅਰੇਬਾਜ਼ੀ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 11 ਅਪਰੈਲ
ਮਹਿਲ ਕਲਾਂ ਦੇ ਪਿੰਡ ਲੋਹਗੜ੍ਹ ਵਿੱਚ ਰਿਹਾਇਸ਼ੀ ਖੇਤਰ ਵਿੱਚੋਂ ਸ਼ਰਾਬ ਦਾ ਠੇਕਾ ਬਾਹਰ ਕੱਢਣ ਦੀ ਮੰਗ ਨਾ ਮੰਨੇ ਜਾਣ ’ਤੇ ਪੰਚਾਇਤ ਵਲੋਂ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਰਪੰਚ ਹਰਜਿੰਦਰ ਕੌਰ ਅਤੇ ਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਇਹ ਠੇਕਾ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਹੈ, ਜਿੱਥੇ ਹਰ ਰੋਜ਼ ਸਕੂਲੀ ਬੱਚੇ ਅਤੇ ਔਰਤਾਂ ਲੰਘਦੀਆਂ ਹਨ। ਠੇਕੇ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਠੇਕਾ ਹਟਾਉਣ ਸਬੰਧੀ ਡੀਸੀ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਸੀ। ਇਸ ਸਬੰਧੀ 31 ਮਾਰਚ ਤੋਂ ਪਹਿਲਾਂ ਹੀ ਸਰਕਾਰ ਅਤੇ ਸਬੰਧੀ ਆਬਕਾਰੀ ਵਿਭਾਗ ਨੂੰ ਅਪੀਲ ਕੀਤੀ ਗਈ ਸੀ ਕਿ ਨਵੇਂ ਠੇਕਿਆਂ ਦੀ ਨਿਲਾਮੀ ਤੋਂ ਬਾਅਦ ਇਸ ਥਾਂ ’ਤੇ ਮੁੜ ਠੇਕਾ ਨਾ ਖੋਲ੍ਹਿਆ ਜਾਵੇ ਪਰ ਇਸਦੇ ਬਾਵਜੂਦ ਵੀ ਠੇਕਾ ਚਲਾਇਆ ਜਾ ਰਿਹਾ ਹੈ, ਜਿਸ ਕਰਕੇ ਪਿੰਡ ਵਾਸੀਆਂ ਵਿੱਚ ਰੋਸ ਹੈ।
ਇਸ ਮੌਕੇ ਪੰਚ ਬੰਤ ਸਿੰਘ, ਜਸਪਾਲ ਸਿੰਘ ਪਾਲੀ, ਗੁਰਵਿੰਦਰ ਸਿੰਘ ਰਿੰਕੂ, ਮਨਜੀਤ ਸਿੰਘ ਧਨੇਸਰ, ਸੁਖਜਿੰਦਰ ਸਿੰਘ ਕਾਲਾ, ਹਰਦੀਪ ਸਿੰਘ ਦੀਪਾ, ਮਨਦੀਪ ਸਿੰਘ ਮਨੀ ਅਤੇ ਗੁਰਜੀਤ ਸਿੰਘ ਗੱਗੀ ਹਾਜ਼ਰ ਸਨ।
ਥਾਣਾ ਮਹਿਲ ਕਲਾਂ ਦੇ ਐੱਸਐੱਚਓ ਜਗਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਛੇਤੀ ਹੀ ਠੇਕੇ ਦੀ ਥਾਂ ਬਦਲ ਕੇ ਹੋਰ ਜਗ੍ਹਾ ’ਤੇ ਲਿਜਾਇਆ ਜਾਵੇਗਾ। ਜ਼ਿਲ੍ਹਾ ਆਬਕਾਰੀ ਅਧਿਕਾਰੀ ਨਵਜੋਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੰਚਾਇਤ ਨਾਲ ਗੱਲਬਾਤ ਕਰਕੇ ਠੇਕੇ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਵਾ ਦਿੱਤਾ ਜਾਵੇਗਾ।