ਲਾਵਾਰਸ ਪਸ਼ੂਆਂ ਨੇ ਲੋਕਾਂ ਦੀ ਸਿਰਦਰਦੀ ਵਧਾਈ
ਪੱਤਰ ਪ੍ਰੇਰਕ
ਸ਼ਹਿਣਾ, 14 ਅਪਰੈਲ
ਬਲਾਕ ਸ਼ਹਿਣਾ ਦੇ 30 ਪਿੰਡਾਂ ’ਚ ਅਵਾਰਾ ਕੁੱਤੇ ਅਤੇ ਲਾਵਾਰਸ ਪਸ਼ੂਆਂ ਦੀ ਵਧਦੀ ਗਿਣਤੀ ਲੋਕਾਂ ਲਈ ਸਿਰਦਰਦੀ ਬਣ ਗਈ ਹੈ। ਜਾਣਕਾਰੀ ਅਨੁਸਾਰ ਅਵਾਰਾ ਕੁੱਤੇ ਲਗਪਗ 30 ਸਾਲ ਪਹਿਲਾਂ ਮਾਰੇ ਸਨ ਅਤੇ 30 ਸਾਲਾਂ ’ਚ ਹੁਣ ਅਵਾਰਾ ਕੁੱਤਿਆਂ ਦੀ ਗਿਣਤੀ ਹਜ਼ਾਰਾਂ ’ਚ ਹੋ ਗਈ ਹੈ। ਸਰਕਾਰ ਨੇ ਜੀਵ ਹੱਤਿਆ ਰੋਕੋ ਕਾਨੂੰਨ ਪਿੱਛੋਂ ਅਵਾਰਾ ਕੁੱਤਿਆਂ ਨੂੰ ਮਾਰਨ ’ਤੇ ਪਾਬੰਦੀ ਲਾਈ ਹੋਈ ਹੈ। ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਕੁੱਤਿਆਂ ’ਚ ਹਲਕਾਅ ਅਤੇ ਕੱਟਣ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਇਸੇ ਪ੍ਰਕਾਰ ਲਾਵਾਰਸ ਪਸ਼ੂ ਵੀ ਵਧ ਰਹੇ ਹਨ। ਕਸਬੇ ਸ਼ਹਿਣਾ ਦੇ ਬੱਸ ਸਟੈਂਡ ਰੋਡ, ਸਟੇਡੀਅਮ ਰੋਡ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਲਾਵਾਰਸ ਪਸ਼ੂ ਬੈਠੇ ਮਿਲਦ ਹਨ, ਜਿਨ੍ਹਾਂ ਵਿਚੋਂ ਜ਼ਿਆਦਤਾਰ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹਨ। ਅਵਾਰਾ ਪਸ਼ੂਆਂ ਕਾਰਨ ਹਾਦਸੇ ਵੀ ਵਧ ਰਹੇ ਹਨ। ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ, ਉਗੋਕੇ, ਨਾਨਕਪੁਰਾ, ਪੱਖੋਕੇ, ਬੱਲੋਕੇ ’ਚ ਵੀ ਅਵਾਰਾ ਪਸ਼ੂਆਂ ਦੀ ਕਾਫੀ ਗਿਣਤੀ ਹੈ। ਜ਼ਿਆਦਾਤਾਰ ਅਵਾਰਾ ਪਸ਼ੂ ਪਾਣੀ, ਚਾਰਾ ਨਾ ਮਿਲਣ ਕਾਰਨ ਕਾਗਜ਼ ਆਦਿ ਖਾ ਰਹੇ ਹਨ ਅਤੇ ਤੁਰਨ ਫਿਰਨ ਤੋਂ ਵੀ ਅਸਮਰਥ ਹਨ।
ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪਿੰਡਾਂ ਵਿਚੋਂ ਲਾਵਾਰਸ ਪਸ਼ੂ ਲਿਜਾਣ ਲਈ ਕੋਈ ਠੋਸ ਕਦਮ ਨਹੀ ਚੁੱਕਿਆ ਹੈ।