ਲਿਫਟਿੰਗ ਦੀ ਸਮੱਸਿਆ: ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਨੱਕੋ-ਨੱਕ ਭਰੀਆਂ
ਮਨੋਜ ਸ਼ਰਮਾ/ਪਰਸ਼ੋਤਮ ਬੱਲੀ
ਬਠਿੰਡਾ/ਬਰਨਾਲਾ, 23 ਅਪਰੈਲ
ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ ਕਾਫੀ ਮੱਠੀ ਰਫ਼ਤਾਰ ਚੱਲ ਰਿਹਾ ਹੈ ਜਦਕਿ ਕਣਕ ਦੀ ਵਾਢੀ ਅਖੀਰਲੇ ਪੜਾਅ ਵਿੱਚ ਹੈ। ਜ਼ਿਲ੍ਹੇ ਦੇ ਖ਼ਰੀਦ ਕੇਂਦਰ ਨੱਕੋਂ ਨੱਕ ਭਰ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢੋਆ-ਢੁਆਈ ਦੇ ਢੁਕਵੇਂ ਪ੍ਰਬੰਧ ਹੋਣ ਦੇ ਬਾਵਜੂਦ ਲਿਫਟਿੰਗ ਦੀ ਚਾਲ ਕਾਫੀ ਹੌਲੀ ਹੈ। ਜਾਣਕਾਰੀ ਅਨੁਸਾਰ ਕਈ ਅਨਾਜ ਮੰਡੀਆਂ ਫ਼ਸਲ ਉਤਾਰਨ ਲਈ ਥਾਂ ਹੀ ਨਹੀਂ ਬਚੀ। ਕਿਸਾਨ ਆਪਣੀ ਕਣਕ ਵੱਢ ਕੇ ਘਰਾਂ ਵਿੱਚ ਰੱਖਣ ਲਈ ਮਜਬੂਰ ਹਨ। ਖ਼ਰੀਦ ਮਾਮਲੇ ਵਿੱਚ ਮੰਡੀਆਂ ਵਿੱਚ ਬੈਠੇ ਕਿਸਾਨ ਸਰਕਾਰ ਦੀ ਪਿੱਠ ਜਰੂਰ ਥਾਪੜਦੇ ਨਜ਼ਰ ਆਏ ਕਿਉਂਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਮੁਤਾਬਕ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਧੜਾ ਧੜ ਬੋਲ਼ੀ ਲਗਵਾ ਰਹੇ ਹਨ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ 189 ਮੁੱਖ ਅਤੇ 78 ਆਰਜ਼ੀ ਖਰੀਦ ਕੇਂਦਰਾਂ 'ਤੇ ਕਣਕ ਦੀ ਆਮਦ ਤੇ ਖ਼ਰੀਦ ਸ਼ੁਰੂ ਹੋ ਚੁੱਕੀ ਹੈ। 22 ਅਪਰੈਲ 2025 ਤੱਕ 4 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਜਦਕਿ ਪਿਛਲੇ ਸਾਲ ਇਸੇ ਮਿਤੀ ਤੱਕ ਇਹ ਆਕੜਾ 2.15 ਲੱਖ ਮੀਟ੍ਰਿਕ ਟਨ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਧੀ ਹੋਈ ਆਮਦ ਦੇ ਬਾਵਜੂਦ ਜ਼ਿਲ੍ਹੇ ਵਿੱਚ ਲਿਫਟਿੰਗ ਦਾ ਕੰਮ ਤਸੱਲੀਬਖ਼ਸ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 48 ਘੰਟਿਆਂ ਵਿੱਚ ਖਰੀਦ ਕੀਤੀ ਕਣਕ ਦੀ ਅਦਾਇਗੀ 135 ਫੀਸਦੀ ਹੋ ਚੁੱਕੀ ਹੈ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 602 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਜਮਾ ਹੋ ਚੁੱਕੇ ਹਨ।
ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਾਣਾ ਮੰਡੀ ਬਰਨਾਲਾ ਵਿੱਚ ਕਣਕ ਦੀ ਖਰੀਦ ਸਬੰਧੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ। ਹੁਣ ਤੱਕ 60 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ‘ਚ ਪੁੱਜ ਚੁੱਕੀ ਹੈ ਅਤੇ 54 ਲੱਖ ਮੀਟ੍ਰਿਕ ਟਨ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਲਿਫ਼ਟਿੰਗ ’ਚ ਵੀ ਕੋਈ ਢਿੱਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੰਡੀਆਂ ਦੇ ਦੌਰੇ ਦੌਰਾਨ ਫ਼ਿਲਹਾਲ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਈ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਰਾਮ ਤੀਰਥ ਮੰਨਾ, ਪਰਮਿੰਦਰ ਸਿੰਘ ਭੰਗੂ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ, ਚੇਅਰਮੈਨ ਤਪਾ ਤਰਸੇਮ ਸਿੰਘ ਕਹਣੇਕੇ, ਚੇਅਰਮੈਨ ਧਨੌਲਾ ਗੁਰਜੋਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਹਰਕੰਵਲਜੀਤ ਸਿੰਘ ਤੇ ਹੋਰ ਮੌਜੂਦ ਸਨ।