ਮਨਰੇਗਾ ਕਾਮਿਆਂ ਨੇ ਕੌਮੀ ਮਾਰਗ ’ਤੇ ਲਾਇਆ ਜਾਮ
ਪਰਮਜੀਤ ਸਿੰਘ
ਫਾਜ਼ਿਲਕਾ, 30 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ ਫਾਜ਼ਿਲਕਾ (ਸੀਪੀਆਈ) ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਮਨਰੇਗਾ ਕਾਨੂੰਨ ਜ਼ਿਲ੍ਹੇ ਵਿੱਚ ਪਾਰਦਰਸ਼ੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਖ਼ਿਲਾਫ਼ ਅੱਜ ਰੇਲਵੇ ਓਵਰ ਬ੍ਰਿਜ ’ਤੇ ਕੌਮੀ ਮਾਰਗ ਜਾਮ ਕਰ ਕੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜਭੈਣੀ, ਗੁਰਦਿਆਲ ਢਾਬਾਂ, ਕੁਲਦੀਪ ਬਖੂਸ਼ਾਹ, ਬਲਵਿੰਦਰ ਮਹਾਲਮ, ਕ੍ਰਿਸ਼ਨ ਧਰਮੂਵਾਲਾ ਤੇ ਹਰਭਜਨ ਛੱਪੜੀ ਵਾਲਾ ਨੇ ਕੀਤੀ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਢੰਡੀਆਂ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ ਨੇ ਕਿਹਾ ਕਿ ਪਿੰਡ ਹਸਤਾ ਕਲਾਂ, ਨਵਾਂ ਮੌਜਮ, ਦੋਨਾ ਨਾਨਕਾ, ਤੇਜਾ ਰੋਹਿਲਾ, ਬਖੂ ਸ਼ਾਹ, ਹਜੂਰ ਸਿੰਘ ਮੰਡੀ, ਚਾਨਣ ਵਾਲਾ, ਕਰਨੀ ਖੇੜਾ, ਨਵਾਂ ਹਸਤਾ, ਲਾਲੋ ਵਾਲੀ ਤੇ ਜੱਟ ਵਾਲੀ ਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ, ਏਡੀਸੀ, ਡੀਡੀਪੀਓ ਅਤੇ ਬੀਡੀਪੀਓ ਦਫ਼ਤਰਾਂ ਦੇ ਲਗਾਤਾਰ ਚੱਕਰ ਕੱਢ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਅਸਲ ਜੌਬ ਕਾਰਡ ਤਾਰਕਾਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਨਹੀਂ ਦਿੱਤਾ ਜਾਂਦਾ ਅਤੇ ਕੰਮ ਦੀ ਉਜਰਤ ਜਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਰਮੇਸ਼ ਪੀਰ ਮੁਹੰਮਦ, ਜੰਮੂ ਰਾਮ ਬਨਵਾਲਾ, ਕਾਮਰੇਡ ਭਜਨ ਲਾਲ ਜੇਈ, ਹਰਦੀਪ ਮੰਡੀ ਹਜੂਰ ਸਿੰਘ, ਸੁਰੇਸ਼ ਹਸਤਾ ਕਲਾ, ਪ੍ਰੇਮ ਭੱਠਾ ਮਜ਼ਦੂਰ ਯੂਨੀਅਨ, ਭਜਨ ਲਾਧੂਕਾ ਲੋਕ ਸਭਾ ਇੰਚਾਰਜ ਬੀਐਸਪੀ, ਸੁਨੀਤਾ ਹਸਤਾ ਕਲਾਂ, ਕੈਲਾਸ਼ ਲਾਲੋ ਵਾਲੀ ਤੇ ਹੋਰ ਹਾਜ਼ਰ ਸਨ।