ਭੁੱਚੋ ਮੰਡੀ ’ਚੋਂ ਇੱਕ ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ
ਭੁੱਚੋ ਮੰਡੀ, 2 ਜੂਨ
ਭੁੱਚੋ ਪੁਲੀਸ ਨੇ ਸੇਫ ਪੰਜਾਬ ਐਂਟੀ ਡਰੱਗ ਹੈਲਪ ਲਾਈਨ ਤੋ ਮਿਲੀ ਸੁਚਨਾ ਦੇ ਆਧਾਰ ’ਤੇ ਛਾਪਾ ਮਾਰ ਕੇ ਭੁੱਚੋ ਮੰਡੀ ਵਿੱਚੋਂ ਇੱਕ ਲੱਖ ਤੋਂ ਉੱਪਰ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਅਤੇ ਮੁਲਜ਼ਮ ਜਨਿੰਦਰ ਕੁਮਾਰ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 223 ਤਹਿਤ ਕੇਸ ਦਰਜ ਕੀਤਾ। ਛਾਪਾਮਾਰੀ ਟੀਮ ਵਿੱਚ ਸ਼ਾਮਲ ਭੁੱਚੋ ਦੇ ਡੀਐੱਸਪੀ ਰਵਿੰਦਰ ਸਿੰਘ ਰੰਧਾਵਾ, ਡਰੱਗ ਇੰਸਪੈਕਟਰ ਗੁਨਦੀਪ ਬਾਂਸਲ, ਚੌਕੀ ਇੰਚਾਰਜ ਨਿਰਮਲਜੀਤ ਸਿੰਘ ਅਤੇ ਤਫ਼ਤੀਸੀ ਅਫ਼ਸਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਛਾਪੇ ਦੌਰਾਨ ਪੁਲੀਸ ਵੱਲੋਂ ਇੱਕ ਘਰ ਵਿੱਚ ਬਣੇ ਗੋਦਾਮ ਵਿੱਚੋਂ 77400 ਪ੍ਰੀਗਾਬਾਲਿਨ ਨਾਮਕ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਦੂਜੇ ਪਾਸੇ ਡਰੱਗ ਇੰਸਪੈਕਟਰ ਗੁਨਦੀਪ ਬਾਂਸਲ ਨੇ ਵੱਖਰੇ ਤੌਰ ’ਤੇ ਛਾਪਾ ਮਾਰ ਕੇ ਇੱਕ ਦੁਕਾਨ ਤੋਂ ਲਗਭਗ 31 ਹਜ਼ਾਰ ਤੋਂ ਵੱਧ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਡਰੱਗ ਇੰਸਪੈਕਟਰ ਵੱਲੋਂ ਇੰਡੀਅਨ ਮੈਡੀਕਲ ਏਟੀਆਈ ਕੌਸਮੈਟਿਕ ਤਹਿਤ ਵੱਖਰੇ ਤੌਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਵੀ ਤਿੰਨ ਤੋਂ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਇਸ ਦੌਰਾਨ ਭੁੱਚੋ ਪੁਲੀਸ ਵੱਲੋਂ ਪਿੰਡ ਲਹਿਰਾ ਮੁਹੱਬਤ ਦੀ ਲਾਲ ਸਿੰਘ ਬਸਤੀ ਵਿੱਚੋਂ ਚਰਨਜੀਤ ਸਿੰਘ ਤੋਂ 40 ਲਿਟਰ ਲਾਹਣ ਬਰਾਮਦ ਕੀਤੀ ਗਈ ਅਤੇ ਮੁਲਾਜ਼ਮ ਨੂੰ ਕਾਬੂ ਕਰਕੇ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ।