ਆਦਰਸ਼ ਸਕੂਲ ਚਾਉਕੇ ਦੀ ਮੈਨੇਜਮੈਂਟ ਨੂੰ ਬਰਖ਼ਾਸਤ ਕਰਨ ਦੀ ਮੰਗ
ਰਵਿੰਦਰ ਰਵੀ
ਬਰਨਾਲਾ, 14 ਅਪੈਰਲ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਜ਼ਿਲ੍ਹਾ ਬਠਿੰਡਾ ਵਿਖੇ ਚੱਲ ਰਹੇ ਸੰਘਰਸ਼ ਦੇ ਸਬੰਧ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਦੇ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਟੀ ਬੈਨਿਥ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੀ ਭ੍ਰਿਸ਼ਟ ਪ੍ਰਾਈਵੇਟ ਮੈਨੇਜਮੈਂਟ ਨੂੰ ਹਟਾਉਣ ਅਤੇ ਇਸ ਸਕੂਲ ਦਾ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਨੂੰ ਸੌਂਪਣ ਦੀ ਮੰਗ ਕੀਤੀ ਗਈ। ਇਸ ਮੰਗ ਪੱਤਰ ਰਾਹੀਂ ਵਫ਼ਦ ਨੇ ਗੈਰਕਾਨੂੰਨੀ ਢੰਗ ਨਾਲ ਨੌਕਰੀ ਤੋਂ ਸਿੱਧੇ ਬਰਖ਼ਾਸਤ ਕੀਤੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀ ਨੌਕਰੀ ਤੁਰੰਤ ਬਹਾਲ ਕਰਦੇ ਹੋਏ ਭਵਿੱਖ ਪੂਰਨ ਸੁਰੱਖਿਅਤ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਬਿਨਾਂ ਖਾਲੀ ਪੋਸਟਾਂ ਦੇ ਸਰਪਲੱਸ ਸਟਾਫ਼ ਭਰਤੀ ਕਰਨ ਦੀ ਜਾਂਚ ਪੜਤਾਲ ਕਾਰਵਾਏ ਜਾਣ ਅਤੇ 31-03-2024 ਤੋਂ ਪਹਿਲਾਂ ਦੇ ਭਰਤੀ ਸਟਾਫ਼ ਦੇ ਮੈਨੇਜਮੈਂਟ ਵੱਲੋਂ ਜਬਰੀ ਵਾਰ-ਵਾਰ ਬਦਲੇ ਅਹੁਦੇ ਉਨ੍ਹਾਂ ਦੀ ਵਿੱਦਿਅਕ ਯੋਗਤਾ ਅਨੁਸਾਰ ਬਹਾਲ ਕਰਵਾਏ ਜਾਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੀਆਂ ਵਰਦੀਆਂ, ਕਿਤਾਬਾਂ ਦੀ ਬਣਦੀ ਪੈਂਡਿੰਗ ਰਾਸ਼ੀ ਮੈਨੇਜਮੈਂਟ ਤੋਂ ਬੱਚਿਆਂ ਦੇ ਖਾਤਿਆਂ ਵਿੱਚ ਵਾਪਸ ਕੀਤੇ ਜਾਣ ਦੀ ਮੰਗ ਕੀਤੀ।