ਕਰਮਸ਼ਾਨਾ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ
ਜਗਤਾਰ ਸਮਾਲਸਰ
ਏਲਨਾਬਾਦ, 24 ਅਪਰੈਲ
ਹਰਿਆਣਾ-ਰਾਜਸਥਾਨ ਬਾਰਡਰ ’ਤੇ ਪੈਂਦੇ ਏਲਨਾਬਾਦ ਦੇ ਪਿੰਡ ਕਰਮਸ਼ਾਨਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਬਣੀ ਹੋਈ ਹੈ। ਲੋਕਾਂ ਨੇ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਚੇਤ ਰਾਮ ਝੋਰੜ, ਅਮੀ ਲਾਲ, ਭੀਕਮ ਚੰਦ, ਰਾਜਿੰਦਰ ਮੁਦਲੀਆ, ਸਤਿਆ ਨਰਾਇਣ ਸਹੂ, ਅਨਿਲ ਜਾਖੜ, ਰਾਜਵੀਰ ਸਿੱਧੂ ਤੇ ਅਨਿਲ ਭਾਂਬੂ ਆਦਿ ਨੇ ਕਿਹਾ ਕਿ ਭਾਖੜਾ ਦੀ ਨਹਿਰਬੰਦੀ ਸਮੇਂ ਪਿੰਡ ਦੇ ਜਲ ਘਰ ਦੀ ਡਿੱਗੀ ਵਿੱਚ ਖਾਰਾ ਪਾਣੀ ਭਰਿਆ ਗਿਆ ਅਤੇ ਉਹ ਸਪਲਾਈ ਪਿੰਡ ਵਿੱਚ ਦਿੱਤੀ ਗਈ ਸੀ ਜਿਸ ਨਾਲ ਲੋਕ ਬਿਮਾਰ ਹੋ ਗਏ ਹਨ। ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਇਹ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ। ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇੱਥੇ ਪਾਣੀ ਦੀ ਭਾਰੀ ਕਿੱਲਤ ਹੋ ਜਾਂਦੀ ਹੈ ਅਤੇ ਲੋਕ ਰਾਜਸਥਾਨ ਦੇ ਪਿੰਡਾਂ ਤੋਂ ਪ੍ਰਤੀ ਟੈਂਕਰ 1500 ਰੁਪਏ ਮੰਗਵਾ ਕੇ ਆਪਣੇ ਘਰਾਂ ਦੀਆਂ ਡਿੱਘੀਆਂ ਭਰਦੇ ਹਨ ਪਰ ਹੁਣ ਰਾਜਸਥਾਨ ਵਿੱਚ ਵੀ ਨਹਿਰਬੰਦੀ ਹੋਣ ਕਾਰਨ ਨਹਿਰਾਂ ਵਿੱਚ ਪਾਣੀ ਨਹੀਂ ਹੈ। ਲੋਕਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਨਾਲ-ਨਾਲ ਉਨ੍ਹਾਂ ਦੇ ਪਿੰਡ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਵੀ ਨਹੀਂ ਆ ਰਿਹਾ। ਹਰਿਆਣਾ ਸਰਕਾਰ ਨੇ ਸਿਰਸਾ ਦੇ ਨਜ਼ਦੀਕ ਓਟੂ ਹੈੱਡ ਦੀ ਉਸਾਰੀ ਸਮੇਂ ਉਨ੍ਹਾਂ ਦੇ ਪਿੰਡ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸ਼ੇਰਾਵਾਲੀ ਫਲੱਡੀ ਨਹਿਰ ਕੱਢੀ ਸੀ ਪਰ ਅਜੇ ਵੀ ਉਨ੍ਹਾਂ ਦੇ ਪਿੰਡ ਤੱਕ ਨਹਿਰੀ ਪਾਣੀ ਨਾ ਪਹੁੰਚਣ ਕਾਰਨ ਉਨ੍ਹਾਂ ਦੇ ਖੇਤ ਵੀ ਬਰਾਨੀ ਹੁੰਦੇ ਜਾ ਰਹੇ ਹਨ ਜਿਸ ਕਾਰਨ ਲੋਕ ਦਿਨੋਂ-ਦਿਨ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ।