ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 1 ਮਈ
ਟਰੇਡ ਯੂਨੀਅਨ ਕੌਂਸਲ ਜ਼ੀਰਾ ਵੱਲੋਂ ਪ੍ਰਧਾਨ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਜ਼ੀਰਾ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਦੌਰਾਨ ਪ੍ਰਧਾਨ ਤਰਸੇਮ ਸਿੰਘ ਹਰਾਜ, ਰਿਟਾਇਰਡ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਬਚਿੱਤਰ ਸਿੰਘ ਗਿੱਲ ਨੇ ਕਿਹਾ ਕਿ ਭਾਰਤੀ ਸੱਤਾ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ ਤੇ ਉਨ੍ਹਾਂ ਦੀ ਰਾਖੀ ਭਾਰਤ ਵਿੱਚ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਕਰ ਰਹੀਆਂ ਹਨ, ਜਿਹੜੀਆਂ ਮਜ਼ਦੂਰਾਂ ਉੱਤੇ ਹਰ ਕਿਸਮ ਦਾ ਭਾਰ ਪਾ ਕੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਵਿਰੋਧੀ ਹਨ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਵੱਡੇ ਘਰਾਣਿਆਂ ਦੀ ਬਜਾਏ ਸਰਕਾਰ ਮਿਹਨਤਕਸ਼ ਲੋਕਾਂ ਲਈ ਨਵੀਂਆਂ ਨੀਤੀਆਂ ਲਾਗੂ ਕਰੇ। ਇਸ ਮੌਕੇ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਕੋਰੀਓਗ੍ਰਾਫੀਆਂ ਅਤੇ ਨਾਟਕ ‘ਅੱਲੜ ਉਮਰਾਂ ਘੁੱਪ ਹਨੇਰੇ’ ਖੇਡਿਆ ਗਿਆ। ਇਸ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਬਲਦੇਵ ਰਾਜ ਗਾਦੜੀਵਾਲਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਖਜ਼ਾਨਚੀ ਹਰਨੇਕ ਸਿੰਘ, ਨਛੱਤਰ ਸਿੰਘ, ਕਾਮਰੇਡ ਕਸ਼ਮੀਰ ਸਿੰਘ, ਅਮਰਜੀਤ ਸਿੰਘ ਸਨ੍ਹੇਰਵੀ, ਕਾਮਰੇਡ ਕੁਲਵੰਤ ਸਿੰਘ, ਮਲਕੀਤ ਸਿੰਘ ਗਾਦੜੀਵਾਲਾ, ਅੰਗਰੇਜ਼ ਸਿੰਘ ਅਟਵਾਲ, ਸਮਾਜ ਸੇਵਿਕਾ ਕਿਰਨ ਗੌੜ, ਪ੍ਰਿੰਸੀਪਲ ਚਮਕੌਰ ਸਿੰਘ ਸਰਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਬਲਵਿੰਦਰ ਕੌਰ ਲਹੁਕਾ, ਪਿਆਰ ਕੌਰ, ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਨਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਵੱਖ-ਵੱਖ ਥਾਵਾਂ ’ਤੇ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ। ਭੁੱਚੋ ਮੰਡੀ ਵਿੱਚ ਫੋਰਥ ਕਲਾਸ ਯੂਨੀਅਨ ਪੰਜਾਬ (ਸਫਾਈ ਸੇਵਕ ਨਗਰ ਕੌਂਸਲ), ਐਫਸੀਆਈ ਵਰਕਰਜ਼ ਯੂਨੀਅਨ, ਗੱਲਾ ਮਜ਼ਦੂਰ ਯੂਨੀਅਨ, ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਐਂਪਲਾਈਜ਼ ਯੂਨੀਅਨ, ਐਂਪਲਾਈਜ਼ ਫੈਡਰੇਸ਼ਨ (ਚਾਹਲ), ਕੰਟਰੈਕਰਟਰ ਯੂਨੀਅਨ (ਏਟਕ), ਜੀਐਚਟੀਪੀ ਠੇਕਾ ਮੁਲਾਜ਼ਮ (ਆਜ਼ਾਦ) ਦੇ ਬੈਨਰ ਹੇਠ ਥਰਮਲ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਝੰਡੇ ਲਹਿਰਾਏ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਠੇਕਾ ਮੁਲਾਜ਼ਮਾਂ ਨੇ ਰੈਲੀ ਕਰਕੇ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕੀਤਾ।
ਨਥਾਣਾ (ਪੱਤਰ ਪ੍ਰੇਰਕ): ਦੂਨ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਰਾਜਨ ਖੁਰਮਾ ਨੇ ਕਿਹਾ ਕਿ ਮਜ਼ਦੂਰ ਵਰਗ ਨਾਲ ਜੁੜੇ ਲੋਕੀ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਹਰ ਖੇਤਰ ਵਿੱਚ ਇਨ੍ਹਾਂ ਦੇ ਸਹਿਯੋਗ ਦੀ ਲੋੜ ਮਹਿਸੂਸ ਹੁੰਦੀ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਈ ਦਿਵਸ ਮਨਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 73 ਸਾਲਾ ਬਾਅਦ ਵੀ ਮਜਦੂਰ ਦੀ ਹਾਲਤ ਬਦਤਰ ਹੈ। ਕ੍ਰਿਰਤੀ ਮਜਦੂਰ ਯੂਨੀਅਨ ਵੱਲੋਂ ਵੀ ਮਈ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ ਪਿੰਡ ਬੱਲੋਕੇ, ਗਿੱਲ ਕੋਠੇ, ਉਗੋਕੇ ’ਚ ਵੀ ਮਈ ਦਿਵਸ ਮਨਾਇਆ ਗਿਆ।
ਤਪਾ ਮੰਡੀ (ਪੱਤਰ ਪ੍ਰੇਰਕ): ਅਨਾਜ ਮੰਡੀ ’ਚ ਮਜ਼ਦੂਰਾਂ ਵੱਲੋਂ ਕੌਂਮਾਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਪ੍ਰਧਾਨ ਮੰਗਤ ਰਾਏ, ਸੋਨੂ ਰਾਮ ਸਾਬਕਾ ਕੌਂਸਲਰ ਅਤੇ ਨਾਨਕ ਸਿੰਘ ਨੇ ਸ਼ਿਕਾਂਗੋ ਦੇ ਸ਼ਹੀਦਾਂ ਯਾਦ ਕੀਤਾ ਅਤੇ ਲੋਕਾਂ ਨੂੰ ਇੱਕਜੁਟ ਹੋਣ ਦਾ ਸੱਦਾ ਸੱਦਾ ਦਿੱਤਾ।
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਬਿਜਲੀ ਘਰ ਅੱਗੇ ਲਾਲ ਝੰਡੇ ਲਹਿਰਾ ਕੇ 1 ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਸਰਕਲ ਸਕੱਤਰ ਕੁਲਵੀਰ ਸਿੰਘ ਠੀਕਰੀਵਾਲਾ, ਪ੍ਰਗਟ ਸਿੰਘ ਕੋਟਦੁੰਨਾ, ਹਰਬੰਸ ਸਿੰਘ ਮਾਣਕੀ ਅਤੇ ਬਲਵੰਤ ਸਿੰਘ ਨੇ 1 ਮਈ ਦੀ ਵਿਰਾਸਤ ਤੋਂ ਜਾਣੂ ਕਰਵਾਇਆ।
ਬਰਨਾਲਾ (ਖੇਤਰੀ ਪ੍ਰਤੀਨਿਧ): ਅੰਤਰਰਾਸ਼ਟਰੀ ਮਈ ਦਿਹਾੜੇ ਮੌਕੇ ਬਰਨਾਲਾ ‘ਚ ਵੱਖ-ਵੱਖ ਥਾਈਂ ਮਜ਼ਦੂਰ, ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਵੱਲੋਂ ਰੈਲੀਆਂ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ। ਜਨਤਕ ਜਥੇਬੰਦੀਆਂ ਦੇ ਸਾਂਝੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਮਾਸਟਰ ਮਨੋਹਰ ਲਾਲ, ਕਰਮਜੀਤ ਸਿੰਘ ਬੀਹਲਾ ਫੈਡਰੇਸ਼ਨ ਆਗੂ ਨੇ ਕਿਹਾ ਕਿ ਕਿਹਾ ਕਿ ਸਮੂਹ ਕਿਰਤੀਆਂ ਨੂੰ ਅੱਠ ਘੰਟੇ ਕੰਮ ਦਾ ਹੱਕ ਸ਼ਿਕਾਗੋ ਦੇ ਸ਼ਹੀਦਾਂ ਦੀ ਬਦੌਲਤ ਹੀ ਮਿਲਿਆ ਸੀ।
ਗੁਰੂ ਹਰਸਹਾਏ (ਪੱਤਰ ਪ੍ਰੇਰਕ): ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਮੰਡਲ ਜਲਾਲਾਬਾਦ ਵੱਲੋਂ ਅੱਜ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ 66 ਕੇਵੀ ਗੁਰੂ ਹਰਸਹਾਏ ਵਿੱਚ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਝੰਡਾ ਲਹਿਰਾ ਕੇ ਮਜ਼ਦੂਰ ਦਿਵਸ ਮਨਾਇਆ ਗਿਆ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਬਠਿੰਡਾ (ਪੱਤਰ ਪ੍ਰੇਰਕ): ਮਜ਼ਦੂਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਅਧੀਨ ਪੈਂਦੀਆਂ ਸਮੂਹ ਮਾਰਕੀਟ ਕਮੇਟੀਆਂ ’ਚ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ।
ਰਾਮਪੁਰਾ ਫੂਲ (ਖੇਤਰੀ ਪ੍ਰਤੀਨਿਧ): ਰਾਮਪੁਰਾ ਵਿੱਚ ਅੰਤਰਰਾਸ਼ਟਰੀ ਮਈ ਦਿਹਾੜਾ ਕਿਰਤੀ ਤੇ ਮਿਹਨਤਕਸ਼ ਲੋਕਾਂ ਵੱਲੋਂ ਇਕੱਠੇ ਹੋ ਕੇ ਮਨਾਇਆ ਗਿਆ। ਮਜ਼ਦੂਰਾਂ ਦੇ ਕੌਮਾਂਤਰੀ ਗੀਤ ਨਾਲ ਦੋ ਮਿੰਟ ਦਾ ਮੌਨ ਧਾਰਨ ਕਰਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੋਟਕਪੂਰਾ (ਪੱਤਰ ਪ੍ਰੇਰਕ): ਪਿੰਡ ਢਿੱਲਵਾਂ ਕਲਾਂ ਵਿੱਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਨਰੇਗਾ ਮਜ਼ਦੂਰਾਂ ਨੇ ਇਕੱਠੇ ਹੋ ਕੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨਰੇਗਾ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਪੱਪੀ ਸਿੰਘ ਢਿੱਲਵਾਂ ਅਤੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੋਰਾ ਸਿੰਘ ਪਿੱਪਲੀ ਨੇ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਹੀ ਕਿਰਤੀ ਵਰਗ ਖਾਸ ਕਰਕੇ ਨਰੇਗਾ ਮਜ਼ਦੂਰਾਂ ਨਾਲ ਲਗਾਤਾਰ ਧੱਕਾ ਕਰ ਰਹੀਆਂ ਹਨ।