ਸਾਬਕਾ ਸੈਨਿਕ ’ਤੇ ਹਮਲੇ ਦੇ ਮਾਮਲੇ ’ਚ ਇਕ ਹੋਰ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਜੂਨ
ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ’ਚ ਸਾਬਕਾ ਸੈਨਿਕ ਰਣਵੀਰ ਸਿੰਘ ’ਤੇ ਕਥਿਤ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਨਾਮਜ਼ਦ ਦੋ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਟ ਫੱਤਾ ’ਚ ਇੱਕ ਹੋਰ ਨਵਾਂ ਪਰਚਾ ਨੰਬਰ 45 ਭਾਰਤੀ ਨਿਆਏ ਸੰਹਿਤਾ ਦੀ ਧਾਰਾ 223 ਤਹਿਤ ਦਰਜ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਪਰਚਾ ਘਟਨਾ ਦੇ ਮੁਲਜ਼ਮ ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਇੱਕ ਵਾਇਰਲ ਵੀਡੀਓ ’ਤੇ ਆਧਾਰਿਤ ਹੈ। ਵੀਡੀਓ ਵਿੱਚ ਇੱਕ ਗੱਡੀ ਵਿੱਚ ਸਵਾਰ ਹੋ ਕੇ ਰਿਵਾਲਵਰ ਨਾਲ ਫਾਇਰਿੰਗ ਕਰ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਉਸ ਦੇ ਨਾਲ ਬੈਠਾ ਨਜ਼ਰੀਂ ਆਉਂਦਾ ਹੈ। ਕਾਨੂੰਨ ਨੂੰ ਸ਼ਿਕਾਇਤ ਹੈ ਕਿ ਮੁਲਜ਼ਮਾਂ ਨੇ ਅਜਿਹਾ ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਦਹਿਸ਼ਤਜ਼ਦਾ ਮਾਹੌਲ ਸਿਰਜਣ ਲਈ ਕੀਤਾ ਗਿਆ। ਗੌੌਰਤਲਬ ਹੈ ਕਿ ਇਨ੍ਹਾਂ ਮੁਲਜ਼ਮਾਂ ’ਤੇ ਲੰਘੀ 31 ਮਈ ਨੂੰ ਪਿੰਡ ਭਾਈ ਬਖ਼ਤੌਰ ਦੀ ਨਸ਼ਾ ਵਿਰੋਧੀ ਕਮੇਟੀ ਦੇ ਸਰਗਰਮ ਮੈਂਬਰ ਤੇ ਸਾਬਕਾ ਫੌਜੀ ਰਣਜੀਤ ਸਿੰਘ ’ਤੇ ਕਥਿਤ ਕਾਤਲਾਨਾ ਹਮਲਾ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਤੋੜੇ ਜਾਣ ਦਾ ਇਲਜ਼ਾਮ ਵੀ ਹੈ।