ਪੰਥਕ ਕਾਨਫਰੰਸ ਲਈ ਸੰਗਤ ’ਚ ਉਤਸ਼ਾਹ: ਕਾਹਨ ਸਿੰਘ ਵਾਲਾ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 11 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 13 ਅਪਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਜੰਡ ਸਾਹਿਬ ਰੋਡ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤੀ ਜਾ ਰਹੀ ਪੰਥਕ ਕਾਨਫਰੰਸ ਲਈ ਸੰਗਤਾਂ ’ਚ ਭਾਈ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਬਾਬਾ ਸਤਨਾਮ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਪੰਥਕ ਸ਼ਖਸ਼ੀਅਤਾਂ ਸੰਗਤਾਂ ਨਾਲ ਮੌਜੂਦਾ ਪੰਥਕ ਅਤੇ ਪੰਜਾਬ ਦੇ ਰਾਜਨੀਤਕ ਹਲਾਤਾਂ ਸਬੰਧੀ ਵਿਚਾਰਾਂ ਕਰਨਗੀਆਂ। ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਭਗਤਾ ਭਾਈ ਇਲਾਕੇ ’ਚੋਂ ਵੱਡੀ ਗਿਣਤੀ ’ਚ ਸੰਗਤਾਂ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੀਆਂ। ਇਸ ਮੌਕੇ ਸੁਰਿੰਦਰ ਸਿੰਘ ਨਥਾਣਾ, ਚਮਕੌਰ ਸਿੰਘ ਕੋਇਰ ਸਿੰਘ ਵਾਲਾ, ਰਮਿੰਦਰ ਸਿੰਘ ਮਿੰਟੂ ਮੋਗਾ, ਹਰਨੇਕ ਸਿੰਘ, ਲੱਖਾ ਸਿੰਘ, ਮੱਖਣ ਸਿੰਘ, ਪਲਵਿੰਦਰ ਕੌਰ ਤੇ ਸੁਖਵੀਰ ਕੌਰ ਹਾਜ਼ਰ ਸਨ।