ਬਗ਼ੈਰ ਮਨਜ਼ੂਰੀ ਦਰੱਖ਼ਤ ਵੱਢਣ ਵਾਲਾ ਸਰਪੰਚ ‘ਛਾਂਗਿਆ’
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 2 ਅਪਰੈਲ
ਪਿੰਡ ਕਲੇਰ ਦੇ ਸਰਪੰਚ ਵੱਲੋਂ ਬਗ਼ੈਰ ਮਨਜ਼ੂਰੀ ਲਏ ਪਿੰਡ ਦੇ ਸ਼ਮਸ਼ਾਨਘਾਟ ਵਿਚੋਂ ਦਰੱਖ਼ਤ ਵੱਢਣ ਦੇ ਮਾਮਲੇ ’ਚ ਡਾਇਰੈਕਟਰ ਪੰਚਾਇਤ ਨੇ ਸਰਪੰਚ ਮੁਅੱਤਲ ਕਰ ਦਿੱਤਾ ਹੈ। ਹੁਕਮ ਮਤਾਬਕ ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਪਿੰਡ ਦੇ ਕਿਸੇ ਅਜਿਹੇ ਪੰਚ ਹਵਾਲੇ ਕਰਨ ਦੀ ਹਦਾਇਤ ਕੀਤੀ ਗਈ ਹੈ, ਜਿਸ ਨੂੰ ਬਲਾਕ ਵਿਕਾਸ ਪੰਚਾਇਤ ਅਫ਼ਸਰ ਵਲੋਂ ਬਾਕੀ ਪੰਚਾਂ ਵਿੱਚੋਂ ਚੁਣਿਆ ਗਿਆ ਹੋਵੇ। ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਵੱਲੋਂ ਸੁਣਾਏ ਗਏ ਹੁਕਮ ਨੰਬਰ/ਫ਼ਰੀਦਕੋਟ-ਸ਼/293-97 ਮਿਤੀ 1 ਅਪਰੈਲ 25 ਅਨੁਸਾਰ ਪਿੰਡ ਕਲੇਰ ਦੇ ਹੀ ਰਣਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਸਰਪੰਚ ਨੇ ਸ਼ਮਸ਼ਾਨਘਾਟ ਵਿਚੋਂ ਬਿਨਾਂ ਮਨਜ਼ੂਰੀ ਲਏ ਦਰੱਖ਼ਤ ਵੱਢ ਦਿੱਤੇ ਹਨ। ਇਸ ਦੀ ਬਲਾਕ ਵਿਕਾਸ ਪੰਚਾਇਤ ਅਫ਼ਸਰ ਫ਼ਰੀਦਕੋਟ ਨੇ ਜਾਂਚ ਉਪਰੰਤ ਵਿਭਾਗ ਨੂੰ ਰਿਪੋਰਟ ਭੇਜੀ ਕਿ ਦਰੱਖਤ ਵੱਢਣ ਲਈ ਨਾ ਕੋਈ ਮਤਾ ਪਾਇਆ ਗਿਆ, ਨਾ ਕੋਈ ਮਨਜ਼ੂਰੀ ਲਈ ਗਈ ਅਤੇ ਨਾ ਹੀ ਦਰੱਖ਼ਤਾਂ ਦੇ ਪੈਸੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ। ਇਸ ਬਾਰੇ ਸਪੱਸ਼ਟੀਕਰਨ ਦਿੰਦਿਆਂ ਅਤੇ ਨਿੱਜੀ ਸੁਣਵਾਈ ਦੌਰਾਨ ਦਸਤਵੇਜ਼ ਪੇਸ਼ ਕਰਦਿਆਂ ਸਰਪੰਚ ਜਗਜੀਤ ਸਿੰਘ ਨੇ ਇਸ ਸ਼ਿਕਾਇਤ ਨੂੰ ਨਕਾਰਿਆ ਅਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ, ਪਰ ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਰਪੰਚ ਵੱਲੋਂ ਕੋਈ ਫੌਜਦਾਰੀ ਕਾਰਵਾਈ ਨਹੀਂ ਕਰਵਾਈ ਗਈ ਅਤੇ ਜਨਤਕ ਜਾਇਦਾਦ ਦਾ ਨੁਕਸਾਨ ਹੋਇਆ ਹੈ। ਵਿਭਾਗ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਪੰਚ ਨੂੰ ਅਹੁਦੇ ਤੋਂ ਮੁਅਤੱਲ ਕਰਨ ਦਾ ਹੁਕਮ ਦਿੱਤਾ ਹੈ।