Farmer Protest: ਕਿਸਾਨ ਜਥੇਬੰਦੀਆਂ ਅਤੇ AAP ਵਿਧਾਇਕ ਦੇ ਸਮਰਥਕ ਆਹਮੋ-ਸਾਹਮਣੇ
ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕ ਖ਼ਿਲਾਫ਼ ਕੀਤੇ ਜਾਣ ਵਾਲੇ ਇਕੱਠ ਦੇ ਜਵਾਬ ਵਿਚ ‘ਆਪ’ ਆਗੂਆਂ ਨੇ ਵੀ ਇਕੱਠ ਕਰਨ ਦਾ ਕੀਤਾ ਐਲਾਨ; ਦੋਹਾਂ ਧਿਰਾਂ ’ਚ ਟਕਰਾਅ ਹੋਣ ਦਾ ਖ਼ਦਸ਼ਾ
ਹਰਦੀਪ ਸਿੰਘ
ਧਰਮਕੋਟ, 7 ਅਪਰੈਲ
Punjab News - Farmer Protest: ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਸਮਰਥਕਾਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਟਕਰਾਅ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ 11 ਅਪਰੈਲ ਨੂੰ ਵਿਧਾਇਕ ਢੋਸ ਦੀ ਪਿੰਡ ਕੈਲਾ ਵਿਚਲੀ ਰਿਹਾਇਸ਼ ਮੂਹਰੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਦੂਜੇ ਪਾਸੇ ਲੰਘੇ ਦਿਨ ਵਿਧਾਇਕ ਸਮਰਥਕ ਹਲਕੇ ਦੇ ਲਗਭਗ ਸਮੁੱਚੇ ਹੀ ਬਲਾਕ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਵਰਜਦੇ ਹੋਏ ਐਲਾਨ ਕੀਤਾ ਹੈ ਕਿ ਜੇ ਕਿਸਾਨਾਂ ਨੇ ਅਜਿਹਾ ਕੀਤਾ ਤਾਂ ਉਹ ਵੀ ਚੁੱਪ ਨਹੀਂ ਬੈਠਣਗੇ। ਕਿਸਾਨ ਜਥੇਬੰਦੀਆਂ ਦਾ ਵਿਧਾਇਕ ਢੋਸ ਨਾਲ 31 ਮਾਰਚ ਨੂੰ ਉਸ ਵੇਲੇ ਤਕਰਾਰ ਪੈਦਾ ਹੋ ਗਿਆ ਸੀ ਜਦੋਂ ਦੋਹਾਂ ਫੋਰਮਾਂ ਦੇ ਸੱਦੇ ਉੱਤੇ ਕਿਸਾਨਾਂ ਵੱਲੋਂ ਵਿਧਾਇਕ ਢੋਸ ਦੀ ਰਿਹਾਇਸ਼ ਕੈਲਾ ਵਿਖੇ ਧਰਨਾ ਦਿੱਤਾ ਜਾ ਰਿਹਾ ਸੀ।
ਉਸ ਵੇਲੇ ਧਰਨਾ ਦੇ ਰਹੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ਵਿਧਾਇਕ ਅਤੇ ਉਸਦੇ ਸਮਰਥਕਾਂ ਨੇ ਸ਼ਾਂਤਮਈ ਘਿਰਾਓ ਕਰ ਰਹੇ ਕਿਸਾਨਾਂ ਦੀ ਖਿੱਚਧੂਹ ਕੀਤੀ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਹੋਰ ਵੱਡੇ ਆਗੂਆਂ ਨੇ ਵਿਧਾਇਕ ਦਾ ‘ਹੰਕਾਰ ਤੋੜਨ’ ਦੀ ਲਾਈਵ ਹੋ ਕੇ ਸੋਸ਼ਲ ਮੀਡੀਆ ਉੱਤੇ ਗੱਲ ਕੀਤੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ 11 ਅਪਰੈਲ ਨੂੰ ਵਿਧਾਇਕ ਦੀ ਰਿਹਾਇਸ਼ ਕੈਲਾ ਪਿੰਡ ਵਿਖੇ ਵੱਡਾ ਇਕੱਠ ਕਰਨ ਦਾ ਐਲਾਨ ਕਰਨ ਤੋਂ ਬਾਅਦ ਹੁਣ ਵਿਧਾਇਕ ਸਮਰਥਕਾਂ ਨੇ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਕੱਠ ਰੱਖ ਲਿਆ ਹੈ, ਜਿਸ ਤੋਂ ਦੋਹਾਂ ਧਿਰਾਂ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ।
ਹਲਕੇ ਦੇ ‘ਆਪ’ ਆਗੂਆਂ ਬਲਾਕ ਪ੍ਰਧਾਨ ਗੁਰਮੀਤ ਮਖੀਜਾ, ਗੁਰਪ੍ਰੀਤ ਸਿੰਘ ਕੰਬੋਜ, ਵਿਜੇ ਕੁਮਾਰ ਧੀਰ, ਇਕਬਾਲ ਸਿੰਘ ਢੋਲੇਵਾਲਾ, ਅਜੈਬ ਸਿੰਘ ਲਲਿਹਾਂਦੀ, ਭੁਪੇਸ਼ ਕੁਮਾਰ ਗਰਗ, ਸੁਖਬੀਰ ਸਿੰਘ ਮੰਦਰ, ਗੁਰਜੀਤ ਸਿੰਘ ਖੰਬੇ, ਗੁਰਤਾਰ ਸਿੰਘ ਆਦਿ ਨੇ ‘ਆਪ’ ਆਗੂਆਂ ਅਤੇ ਵਰਕਰਾਂ ਦੇ ਇਕੱਠ ਵਿੱਚ ਕੱਲ੍ਹ ਵਿਧਾਇਕ ਢੋਸ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਕਿਸਾਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਵਿਧਾਇਕ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਜਥੇਦਾਰ ਕੁਲਦੀਪ ਸਿੰਘ ਢੋਸ ਵਲੋਂ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਪਾਏ ਯੋਗਦਾਨ ਨੂੰ ਕਿਸਾਨ ਆਗੂ ਭੁਲਾ ਕੇ ਫੋਕੀ ਵਾਹ ਵਾਹ ਖੱਟਣ ਖਾਤਰ ਉਨ੍ਹਾਂ ਦੀ ਵਿਰੋਧਤਾ ਕਰ ਰਹੇ ਹਨ। ਆਗੂਆਂ ਕਿਹਾ ਕਿ ਜਿਹੜੇ ਲੋਕ ਵਿਧਾਇਕ ਪਾਸ ਪ੍ਰਤੀ ਦਿਨ ਕੰਮ ਧੰਦੇ ਕਰਵਾਉਣ ਆਉਂਦੇ ਹਨ, ਅੱਜ ਵਿਧਾਇਕ ਦਾ ਹੀ ਵਿਰੋਧ ਕਰ ਰਹੇ ਹਨ। ‘ਆਪ’ ਆਗੂਆਂ ਨੇ ਕਿਸਾਨਾਂ ਵਲੋਂ ਕੈਲਾ ਪਿੰਡ ਵਿੱਚ ਕੀਤੇ ਜਾ ਰਹੇ ਇਕੱਠ ਨੂੰ ਵਰਜਦਿਆਂ ਕਿਹਾ ਕਿ ਇਸ ਦੌਰਾਨ ਹੋਣ ਵਾਲੇ ਟਕਰਾਅ ਲਈ ਖੁਦ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਹੋਣਗੀਆਂ।