ਨੱਕ ਦੇ ਕੋਕੇ ਨੇ ਸੁਲਝਾਈ ਕਤਲ ਦੀ ਗੁੱਥੀ, ਪਤੀ ਅਤੇ ਨੌਕਰ ਗ੍ਰਿਫ਼ਤਾਰ
ਨਵੀਂ ਦਿੱਲੀ, 11 ਅਪਰੈਲ
ਕਤਲ ਮਾਮਲੇ ਵਿਚ ਨੱਕ ਦੇ ਕੋਕੇ ਨੇ ਜਾਂਚਕਰਤਾਵਾਂ ਨੂੰ ਇਕ ਔਰਤ ਅਤੇ ਉਸਦੇ ਕਾਤਲ ਦੀ ਪਛਾਣ ਤੱਕ ਪਹੁੰਚਾਇਆ। ਇਕ ਮਾਮਲੇ ਵਿਚ ਕਥਿਤ ਤੌਰ ’ਤੇ ਵਿਅਕਤੀ ਨੇ ਆਪਣੀ ਪਤਨੀ ਦਾ ਕੇਬਲ ਤਾਰ ਨਾਲ ਗਲਾ ਘੁੱਟ ਕੇ ਕਤਲ ਕਰਦਿਆਂ ਨਾਲੇ ਵਿਚ ਸੁੱਟ ਦਿੱਤਾ ਸੀ। ਜਾਂਚ ਉਪਰੰਤ ਪੁਲੀਸ ਸਾਹਮਣੇ ਆਇਆ ਕਿ ਪ੍ਰਾਪਰਟੀ ਡੀਲਰ ਅਨਿਲ ਕੁਮਾਰ ਨੇ ਨੌਕਰ ਸ਼ਿਵ ਸ਼ੰਕਰ ਨਾਲ ਮਿਲ ਕੇ ਇਸ ਭਿਆਨਕ ਕਤਲ ਨੂੰ ਅੰਜਾਮ ਦਿੱਤਾ ਸੀ।
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਵਾਰਕਾ) ਨੇ ਇਕ ਬਿਆਨ ਵਿੱਚ ਕਿਹਾ, "ਸੀਮਾ ਸਿੰਘ (47) ਦੀ ਲਾਸ਼ 15 ਮਾਰਚ ਨੂੰ ਬੈੱਡਸ਼ੀਟ ਵਿਚ ਲਪੇਟਦਿਆਂ ਕੇਬਲ ਤਾਰ ਅਤੇ ਇਕ ਭਾਰੀ ਪੱਥਰ ਨਾਲ ਬੰਨ੍ਹ ਕੇ ਨਜਫਗੜ੍ਹ ਨਾਲੇ ਵਿੱਚ ਸੁੱਟ ਦਿੱਤੀ ਗਈ ਸੀ।" ਅਧਿਕਾਰੀ ਨੇ ਅੱਗੇ ਕਿਹਾ ਕਿ ਸ਼ੁਰੂ ਵਿਚ ਉਸਦੀ ਪਛਾਣ ਨਹੀਂ ਹੋ ਸਕੀ। ਪਰ ਸਫਲਤਾ ਉਦੋਂ ਮਿਲੀ ਜਦੋਂ ਜਾਂਚਕਰਤਾਵਾਂ ਨੇ ਮ੍ਰਿਤਕਾ ਦੇ ਪਾਏ ਇਕ ਸੋਨੇ ਦੇ ਕੋਕੇ (ਨੋਜ਼ ਪਿੰਨ) ਦੀ ਜਾਂਚ ਕੀਤੀ।
ਇਸ ਕੋਕੇ ਦੇ ਸਹਾਰੇ ਪੁਲੀਸ ਨਿਰਮਾਤਾ ਕੋਲ ਪੁੱਜੀ, ਜਿਸ ਨੇ ਅੰਤ ਵਿਚ ਮ੍ਰਿਤਕ ਔਰਤ ਦੀ ਪਛਾਣ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ। ਡੀਸੀਪੀ ਨੇ ਕਿਹਾ ਕਿ ਪੁਲੀਸ ਵੱਲੋਂ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੇ ਗਏ ਸਕੈੱਚ ਰਾਹੀਂ ਇਕ ਔਰਤ ਦੇ ਰਿਸ਼ਤੇਦਾਰ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਸੀਮਾ ਦੀ ਪਛਾਣ ਦੀ ਪੁਸ਼ਟੀ ਕੀਤੀ। ਦੋਸ਼ੀ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਸਨ ਅਤੇ ਇਕ ਟੀਮ ਨੇ ਨੌਕਰ ਸ਼ਿਵ ਸ਼ੰਕਰ ਨੂੰ ਫੜ ਲਿਆ।
ਪੁੱਛਗਿੱਛ ਦੌਰਾਨ ਸ਼ਿਵ ਸ਼ੰਕਰ ਨੇ ਕਬੂਲ ਕੀਤਾ ਕਿ ਉਸ ਨੇ ਅਤੇ ਅਨਿਲ ਨੇ 11 ਮਾਰਚ ਨੂੰ ਦਵਾਰਕਾ ਦੇ ਸੈਕਟਰ 10 ਦੇ ਘਰ ਵਿੱਚ ਸੀਮਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਸ਼ੰਕਰ ਨੇ ਪੁਲੀਸ ਨੂੰ ਦੱਸਿਆ ਕਿ ਫਿਰ ਦੋਵਾਂ ਨੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਅਤੇ ਸ਼ੱਕ ਤੋਂ ਬਚਣ ਲਈ ਲਾਸ਼ ਨੂੰ ਟਿਕਾਣੇ ਲਗਾ ਦਿੱਤਾ।
ਜ਼ਿਕਰਯੋਗ ਹੈ ਕਿ ਅਨਿਲ ਕੁਮਾਰ ਨੇ ਪਹਿਲਾਂ ਸੀਮਾ ਦੇ ਪਰਿਵਾਰ ਅਤੇ ਪੁਲੀਸ ਨੂੰ ਦੱਸਿਆ ਸੀ ਕਿ ਉਹ ਗੁੱਸੇ ਵਿੱਚ ਘਰੋਂ ਚਲੀ ਗਈ ਸੀ ਅਤੇ ਕਦੇ ਵਾਪਸ ਨਹੀਂ ਆਈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਕੁਮਾਰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਇਹ ਵੀ ਪਾਇਆ ਕਿ ਅਨਿਲ ਗੁਰੂਗ੍ਰਾਮ ਵਿਚ ਇੱਕ ਹੋਰ ਔਰਤ ਨਾਲ ਰਹਿ ਰਿਹਾ ਸੀ। ਪੁਲੀਸ ਨੇ ਕਿਹਾ ਕਿ ਇਹ ਘਟਨਾ ਘਰੇਲੂ ਕਲੇਸ਼ ਕਾਰਨ ਵਾਪਰੀ ਹੋ ਸਕਦੀ ਹੈ। -ਪੀਟੀਆਈ