ਅਸੀਂ ਪਹਿਲਗਾਮ ਹਮਲੇ ਵਿਚ ਸ਼ਾਮਲ ਹਰੇਕ ਦਹਿਸ਼ਤਗਰਦ ਦੀ ਜਵਾਬਦੇਹੀ ਨਿਰਧਾਰਿਤ ਕਰਾਂਗੇ: ਸ਼ਾਹ
ਨਵੀਂ ਦਿੱਲੀ, 1 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਹਰੇਕ ਅਤਿਵਾਦੀ ਨੂੰ ਨਿਸ਼ਾਨਾ ਬਣਾਉਣ ਦੀ ਸਹੁੰ ਖਾਂਦਿਆਂ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਇਸ ਘਿਨਾਉਣੇ ਕਾਰੇ ਲਈ ਜਵਾਬਦੇਹ ਬਣਾਇਆ ਜਾਵੇਗਾ। ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਕਿਸੇ ਵੀ ਅਤਿਵਾਦੀ ਨੂੰ ਨਹੀਂ ਬਖਸ਼ੇਗੀ।
ਸ਼ਾਹ ਨੇ ਅਸਾਮ ਦੇ ਬੋਡੋ ਭਾਈਚਾਰੇ ਦੇ ਮੁਖੀ ਉਪੇਂਦਰ ਨਾਥ ਬ੍ਰਹਮਾ ਦੀ ਮੂਰਤੀ ਦਾ ਉਦਘਾਟਨ ਕਰਨ ਅਤੇ ਉਨ੍ਹਾਂ ਦੇ ਨਾਮ ’ਤੇ ਇੱਕ ਸੜਕ ਦਾ ਨਾਮ ਰੱਖਣ ਲਈ ਰੱਖੇ ਸਮਾਗਮ ਵਿੱਚ ਕਿਹਾ, ‘‘ਜਿਸ ਕਿਸੇ ਨੇ ਵੀ ਪਹਿਲਗਾਮ ਵਿੱਚ ਇਹ ਘਿਨਾਉਣਾ ਹਮਲਾ ਕੀਤਾ ਹੈ, ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ। ਅਸੀਂ ਹਰ ਦੋਸ਼ੀ ਦਾ ਪਤਾ ਲਗਾਵਾਂਗੇ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਅਤਿਵਾਦੀਆਂ ਖਿਲਾਫ਼ ਜ਼ੀਰੋ-ਟੌਲਰੈਂਸ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ, ‘‘ਜੇ ਕੋਈ ਸੋਚਦਾ ਹੈ ਕਿ ਉਹ ਅਜਿਹਾ ਬੁਜ਼ਦਿਲਾਨਾ ਹਮਲਾ ਕਰਕੇ ਬਚ ਜਾਵੇਗਾ, ਤਾਂ ਉਹ ਗ਼ਲਤ ਹੈ। ਇਹ ਨਰਿੰਦਰ ਮੋਦੀ ਦੀ ਸਰਕਾਰ ਹੈ। ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ।’’
ਸ਼ਾਹ ਨੇ ਕਿਹਾ ਕਿ ਸਰਕਾਰ ਦੀ ਅਤਿਵਾਦ ਵਿਰੁੱਧ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਖਤਰੇ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ, ‘‘ਇਹ ਨਾ ਸੋਚੋ ਕਿ ਤੁਸੀਂ 26 ਲੋਕਾਂ ਨੂੰ ਮਾਰ ਕੇ ਜਿੱਤ ਗਏ ਹੋ। ਤੁਹਾਡੇ ਵਿੱਚੋਂ ਹਰ ਕਿਸੇ ਨੂੰ ਜਵਾਬਦੇਹ ਬਣਾਇਆ ਜਾਵੇਗਾ।’’
ਇਸ ਸਮਾਗਮ ਵਿੱਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦੇ ਮੁੱਖ ਕਾਰਜਕਾਰੀ ਮੈਂਬਰ ਪ੍ਰੋਮੋਦ ਬੋਰੋ ਸਮੇਤ ਹੋਰ ਲੋਕ ਸ਼ਾਮਲ ਹੋਏ। 22 ਅਪਰੈਲ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪ੍ਰਸਿੱਧ ਸੈਲਾਨੀ ਸ਼ਹਿਰ ਪਹਿਲਗਾਮ ਨੇੜੇ ਘਾਹ ਦੇ ਮੈਦਾਨ ਵਿੱਚ ਅਤਿਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤੇ ਸੈਲਾਨੀ ਸਨ। -ਪੀਟੀਆਈ