ਪੰਜਾਬ ਕੈਬਨਿਟ ਨੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਹੱਦ ਵਧਾਈ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਅਪਰੈਲ
ਪੰਜਾਬ ਕੈਬਨਿਟ ਨੇ ਅੱਜ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਅੱਜ ਹੋਏ ਇਸ ਫੈਸਲੇ ਦਾ ਕਰੀਬ 48 ਪ੍ਰੋਫੈਸਰਾਂ ਨੂੰ ਫਾਇਦਾ ਹੋਵੇਗਾ, ਜੋ ਆਉਦੇ ਦਿਨਾਂ ਵਿੱਚ ਸੇਵਾ ਮੁਕਤ ਹੋਣੇ ਹਨ। ਇਸ ਦੌਰਾਨ ਪੰਜਾਬ ਕੈਬਨਿਟ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਏਜੀ ਦਫ਼ਤਰ ਵਿੱਚ 25 ਫੀਸਦ ਸੀਟਾਂ ਨੂੰ ਭਰਨ ਦਾ ਫੈਸਲਾ ਲਿਆ ਹੈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਹਸਪਤਾਲਾਂ ਵਿਚਲੇ ਮਾਹਿਰ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 58 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। ਇਨ੍ਹਾਂ ਡਾਕਟਰਾਂ ਦੀ ਸੇਵਾ ਮੁਕਤੀ 58 ਸਾਲ ਤੋਂ ਹੋਣ ਬਾਅਦ ਉਨ੍ਹਾਂ ਨੂੰ ਮੁੜ ਠੇਕੇ ਅਧਾਰਿਤ ਭਰਤੀ ਕੀਤਾ ਜਾਵੇਗਾ।
ਐਸਸੀ ਵਰਗ ਦੇ ਲਾਅ ਅਫਸਰਾਂ ਲਈ ਆਮਦਨ ਦੀ ਸ਼ਰਤ ’ਚ ਛੋਟ
ਪੰਜਾਬ ਕੈਬਨਿਟ ਨੇ ਅੱਜ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਤਾਇਨਾਤ ਹੋਣ ਵਾਲੇ ਰਾਖਵੇਂ ਵਰਗ ਦੇ ਲਾਅ ਅਫਸਰਾਂ ਲਈ ਆਮਦਨ ਦੀ ਸ਼ਰਤ ਵਿੱਚ ਸੋਧ ਕਰਦਿਆਂ ਇਸ ਨੂੰ ਘਟਾ ਕੇ ਅੱਧੀ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਏਜੀ ਦਫਤਰ ਵਿੱਚ ਤਾਇਨਾਤ ਹੋਣ ਵਾਲੇ ਐਸਸੀ ਅਤੇ ਐਸਟੀ ਵਰਗ ਦੇ 58 ਲਾਅ ਅਫਸਰਾਂ ਲਈ ਆਮਦਨ ਹੱਦ ਵਿੱਚ ਛੋਟ ਦਿੱਤੀ ਗਈ ਹੈ। ਮਿਸਾਲ ਵਜੋਂ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਾਸਤੇ ਆਮਦਨ 20 ਲੱਖ ਸਾਲਾਨਾ ਹੋਣੀ ਜ਼ਰੂਰੀ ਸੀ ਪਰ ਹੁਣ ਇਹ ਘਟਾ ਕੇ 10 ਲੱਖ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਆਮਦਨ ਦੀ ਸ਼ਰਤ ਸਖ਼ਤ ਹੋਣ ਕਰਕੇ 58 ਅਸਾਮੀਆਂ ’ਚੋਂ ਪਹਿਲਾਂ 15 ਖਾਲੀ ਰਹਿ ਗਈਆਂ ਸਨ। ਇਸੇ ਤਰ੍ਹਾਂ ਪੰਜਾਬ ਕੈਬਨਿਟ ਨੇ ਅੱਜ ਪੰਜਾਬ ਭਰ ਦੇ ਬਲਾਕ ਵਿਕਾਸ ਤੇ ਪੰਚਾਇਤ ਦਫਤਰਾਂ ਨੂੰ ਤਰਕਸੰਗਤ ਬਣਾਉਣ ਦਾ ਫੈਸਲਾ ਕੀਤਾ ਹੈ। ਜਿਹੜੇ ਬਲਾਕ ਇੱਕ ਤੋਂ ਵੱਧ ਹਲਕਿਆਂ ਵਿੱਚ ਪੈਂਦੇ ਹਨ, ਉਨ੍ਹਾਂ ਨੂੰ ਤਰਕਸੰਗਤ ਬਣਾਇਆ ਜਾਵੇਗਾ।