ਸੀਬੀਆਈ ਵੱਲੋਂ ਅੱਠ ਸੂਬਿਆਂ ਵਿੱਚ 42 ਥਾਈਂ ਛਾਪੇ
05:49 AM May 11, 2025 IST
ਨਵੀਂ ਦਿੱਲੀ, 10 ਮਈ
ਸੀਬੀਆਈ ਨੇ ਅੱਜ ਅੱਠ ਸੂਬਿਆਂ ਵਿੱਚ 42 ਥਾਵਾਂ ’ਤੇ ਛਾਪੇ ਮਾਰੇ ਅਤੇ ਡਿਜੀਟਲ ਅਰੈਸਟ ਸਕੈਮ ਮਾਮਲਿਆਂ ’ਚ ਕਥਿਤ ਤੌਰ ’ਤੇ ਵਰਤੇ ਗਏ ਸਿਮ ਕਾਰਡਾਂ ਦੀ ਗ਼ੈਰਕਾਨੂੰਨੀ ਵਿਕਰੀ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਛਾਪੇ ‘ਅਪਰੇਸ਼ਨ ਚੱਕਰ-ਵੀ’ ਜਿਸ ਦਾ ਮਕਸਦ ਸਾਈਬਰ ਅਪਰਾਧਾਂ ਅਤੇ ਡਿਜੀਟਲ ਅਰੈਸਟ ਸਬੰਧੀ ਧੋਖਾਧੜੀਆਂ ਰੋਕਣਾ ਹੈ, ਤਹਿਤ ਮਾਰੇ ਗਏ। ਸੀਬੀਆਈ ਦੇ ਤਰਜਮਾਨ ਨੇ ਕਿਹਾ ਕਿ ਅਸਾਮ, ਪੱਛਮੀ ਬੰਗਾਲ, ਬਿਹਾਰ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤਿਲੰਗਾਨਾ, ਕਰਨਾਟਕ ਤੇ ਤਾਮਿਲਨਾਡੂ ਵਿੱਚ ਟੈਲੀਕਾਮ ਅਪਰੇਟਰਾਂ ਦੇ ਵੱਖ-ਵੱਖ ਸੇਲ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਉਨ੍ਹਾਂ ਕਿਹਾ ਕਿ ਇਹ ਏਜੰਟ ਕਥਿਤ ਤੌਰ ’ਤੇ ਸਾਈਬਰ ਅਪਰਾਧੀਆਂ ਤੇ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਦੇ ਅਣਪਛਾਤੇ ਅਧਿਕਾਰੀਆਂ ਨਾਲ ਮਿਲ ਕੇ ਅਪਰਾਧਾਂ ’ਚ ਵਰਤੇ ਜਾਣ ਵਾਲੇ ਸਿਮ ਕਾਰਡ ਜਾਰੀ ਕਰਨ ਲਈ ਕੰਮ ਕਰ ਰਹੇ ਸਨ। -ਪੀਟੀਆਈ
Advertisement
Advertisement