ਕਾਠਮੰਡੂ ਹਵਾਈ ਅੱਡੇ ’ਤੇ 3 ਭਾਰਤੀ ਨਾਗਰਿਕ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ
ਕਾਠਮੰਡੂ, 11 ਅਪਰੈਲ
ਨੇਪਾਲ ਪੁਲੀਸ ਨੇ ਦੱਸਿਆ ਕਿ ਇੱਥੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤਿੰਨ ਭਾਰਤੀ ਨਾਗਰਿਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੇਪਾਲ ਪੁਲੀਸ ਦੇ ਨਿਊਜ਼ ਬੁਲੇਟਿਨ ਅਨੁਸਾਰ ਪੁਲੀਸ ਨੇ ਵੀਰਵਾਰ ਰਾਤ ਨੂੰ ਕਾਠਮੰਡੂ ਹਵਾਈ ਅੱਡੇ ਤੋਂ ਭਾਰਤੀ ਨਾਗਰਿਕ ਇਰਫਾਨ ਅਹਿਮਦ ਕਸਾਲੀ ਪਰਾਂਬਿਲ ਬਸ਼ੀਰ (25) ਨੂੰ 10 ਕਿਲੋਗ੍ਰਾਮ ਤੋਂ ਵੱਧ ਭੰਗ ਸਮੇਤ ਗ੍ਰਿਫ਼ਤਾਰ ਕੀਤਾ। ਉਹ ਥਾਈ ਏਅਰਵੇਜ਼ ਦੀ ਉਡਾਣ ਰਾਹੀਂ ਬੈਂਕਾਕ ਤੋਂ ਕਾਠਮੰਡੂ ਪਹੁੰਚਿਆ ਸੀ। ਸੁਰੱਖਿਆ ਕਰਮਚਾਰੀਆਂ ਨੇ ਉਸਦੇ ਸਾਮਾਨ ਦੀ ਜਾਂਚ ਦੌਰਾਨ ਇਰਫਾਨ ਨੂੰ ਗ੍ਰਿਫ਼ਤਾਰ ਕਰ ਕੀਤਾ।
ਇਕ ਹੋਰ ਘਟਨਾ ਵਿੱਚ ਪੁਲੀਸ ਨੇ ਭਾਰਤੀ ਨਾਗਰਿਕ ਰਾਮ ਕੁਮਾਰ (31) ਅਤੇ ਪਦੀਨਹਰ ਚੰਦੀਪੁਰੇ ਜੇਐਲ (35) ਨੂੰ ਵੀਰਵਾਰ ਦੁਪਹਿਰ ਹਵਾਈ ਅੱਡੇ ਤੋਂ 26 ਕਿਲੋਗ੍ਰਾਮ ਤੋਂ ਵੱਧ ਭੰਗ ਸਮੇਤ ਗ੍ਰਿਫ਼ਤਾਰ ਕੀਤਾ। ਉਹ ਬੈਂਕਾਕ ਤੋਂ ਕਾਠਮੰਡੂ ਪਹੁੰਚੇ ਸਨ। ਰਾਮ ਕੁਮਾਰ 11 ਕਿਲੋਗ੍ਰਾਮ ਤੋਂ ਵੱਧ ਭੰਗ ਲੈ ਕੇ ਜਾ ਰਿਹਾ ਸੀ ਜਦੋਂ ਕਿ ਪਦੀਨਹਰ 14 ਕਿਲੋਗ੍ਰਾਮ ਤੋਂ ਵੱਧ ਭੰਗ ਲੈ ਕੇ ਜਾ ਰਿਹਾ ਸੀ। ਪੁਲੀਸ ਨੇ ਉਨ੍ਹਾਂ ਦੇ ਸਾਮਾਨ ਦੀ ਸੁਰੱਖਿਆ ਜਾਂਚ ਦੌਰਾਨ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ। -ਪੀਟੀਆਈ