Punjab news ਸੜਕ ਹਾਦਸੇ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ
ਗੁਰਪ੍ਰੀਤ ਸਿੰਘ ਦੌਧਰ/ਰਾਜਵਿੰਦਰ ਸਿੰਘ ਰੌਂਤਾ
ਅਜੀਤਵਾਲ/ਨਿਹਾਲ ਸਿੰਘ ਵਾਲਾ, 7 ਅਪਰੈਲ
ਇਥੇ ਬੱਧਨੀ ਕਲਾਂ ਨੇੜੇ ਵੱਡੇ ਤੜਕੇ ਢਾਈ ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਪੁਲੀਸ ਨੂੰ ਹਾਦਸੇ ਬਾਰੇ ਸਵੇਰੇ ਸੱਤ ਵਜੇ ਦੇ ਕਰੀਬ ਜਾਣਕਾਰੀ ਮਿਲੀ ਹੈ।
ਦੋ ਮ੍ਰਿਤਕਾਂ ਦੀ ਸ਼ਨਾਖਤ ਪਰਵਿੰਦਰ ਕੁਮਾਰ (35) ਤੇ ਹਰਪ੍ਰੀਤ ਸਿੰਘ (29) ਦੋਵੇਂ ਵਾਸੀ ਰਣੀਆਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਤੀਜੇ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ।
ਇਹ ਹਾਦਸਾ ਮੋਗਾ ਬਰਨਾਲਾ ਨੈਸ਼ਨਲ ਹਾਈਵੇ ’ਤੇ ਪਿੰਡ ਬੌਡੇ ਨਜ਼ਦੀਕ ਵਾਪਰਿਆ।
ਕਾਰ (ਨੰ. ਪੀਬੀ10ਵੀ 7656) ਡਿਵਾਈਡਰ ਨਾਲ ਟਕਰਾਉਣ ਮਗਰੋਂ ਬੇਕਾਬੂ ਹੋ ਕੇ ਸੜਕ ਕੰਢੇ ਖਤਾਨਾਂ ਵਿਚ ਪਲਟ ਗਈ।
ਸਵਿਫਟ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੌਕੇ ’ਤੇ ਪੁੱਜੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਆਗੂਆਂ ਨੇ ਲਾਸ਼ਾਂ ਕਾਰ ਵਿਚੋਂ ਕੱਢ ਕੇ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ।
ਮ੍ਰਿਤਕ ਨੌਜਵਾਨ ਨੇੜਲੇ ਪਿੰਡ ਰਣੀਆਂ ਦੇ ਰਹਿਣ ਵਾਲੇ ਸਨ।
ਥਾਣਾ ਬਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ’ਤੇ ਸੜਕ ਸੁਰੱਖਿਆ ਫੋਰਸ ਅਤੇ ਉਹ ਖੁਦ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।
ਉਨ੍ਹਾਂ ਕਿਹਾ ਕਿ ਸਮਝਿਆ ਜਾਂਦਾ ਹੈ ਕਿ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਤੇ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ।
ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ’ਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।